ਸੁਲਤਾਨਪੁਰ ਲੋਧੀ, 27 ਅਕਤੂਬਰ (ਥਿੰਦ)- ਪੰਜਾਬ ਵਿਧਾਨ ਦੇ ਮੌਜੂਦਾ ਤੇ ਆਖ਼ਰੀ ਸੈਸ਼ਨ ਦੌਰਾਨ ਹਲਕਾ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਵਿਖੇ ਉਸਾਰੇ ਜਾਣ ਵਾਲੇ ਬਾਬੇ ਨਾਨਕ ਦੇ ਪਿੰਡ ਬਾਰੇ ਆਵਾਜ਼ ਉਠਾਉਂਦਿਆਂ ਪੰਜਾਬ ਸਰਕਾਰ ਨੂੰ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਸੱਤ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਕਾਸ਼ ਪੁਰਬ ਮੌਕੇ 500 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪਿੰਡ ਬਾਬੇ ਨਾਨਕ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਸੂਬਾ ਸਰਕਾਰ ਵਲੋਂ ਇਸ ਦੇ ਵਿਧੀਗਤ ਢਾਂਚੇ ਬਾਰੇ ਕੇਂਦਰ ਸਰਕਾਰ ਨੂੰ ਕੋਈ ਪਰਪੋਜਲ ਨਹੀਂ ਭੇਜੀ ਗਈ।
ਜਿਸ ਨਾਲ ਕੇਂਦਰ ਸਰਕਾਰ ਵਲੋਂ ਅਜੇ ਤੱਕ ਕੋਈ ਵੀ ਫੰਡ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਮੈਂ ਵਿਧਾਨ ਸਭਾ ਵਿਚ ਇਹ ਮੁੱਦਾ ਦੂਜੀ ਵਾਰ ਉਠਾਇਆ ਹੈ ਪਰ ਸਰਕਾਰ ਵਲੋਂ ਅਜੇ ਤੱਕ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿਚ ਅਜਿਹਾ ਕਦੇ ਹੀ ਮਿਲਦਾ ਹੈ ਅਤੇ ਇਸ ਨੂੰ ਹੱਥੋਂ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਸੰਗਤਾਂ ਵਿਚ ਇਸ ਪੁਰਾਤਨ ਪਿੰਡ ਲਈ ਭਾਰੀ ਉਤਸੁਕਤਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਹੀ ਕੇਂਦਰ ਸਰਕਾਰ ਨੂੰ ਤਰੁੰਤ ਪਰਪੋਜਲ ਭੇਜੇ। ਇਸ ਤੋਂ ਬਾਅਦ ਹੀ ਕੇਂਦਰ ਸਰਕਾਰ ਫੰਡ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਉਸਾਰੇ ਜਾਣ ਵਾਲੇ ਪਿੰਡ ਬਾਬੇ ਨਾਨਕ ਦਾ ਨਾਲ਼ ਇਹ ਪਵਿੱਤਰ ਨਗਰੀ ਟੂਰਿਸਟ ਇੰਡਸਟਰੀ ਦੇ ਰੂਪ ਵਿੱਚ ਵੀ ਉੱਭਰੇਗੀ।