ਜਲੰਧਰ, 1 ਨਵੰਬਰ (ਜਤਿੰਦਰ ਪੰਮੀ/ਦਵਿੰਦਰ) - ਸ਼ਹਿਰ ਵਿਚ ਐਤਵਾਰ ਤੜਕਸਾਰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਉਨ੍ਹਾਂ ਦੇ ਤਿੰਨ ਹੋਰ ਦੋਸਤ ਵਾਲ-ਵਾਲ ਬਚ ਗਏ। ਇਹ ਹਾਦਸਾ ਪੁਲਿਸ ਲਾਈਨ ਰੋਡ 'ਤੇ ਫਲਾਈਓਵਰ ਨੇੜੇ ਉਸ ਸਮੇਂ ਵਾਪਰਿਆ, ਜਦੋਂ ਨੌਜਵਾਨਾਂ ਦੀ ਕਾਰ ਸੜਕ 'ਤੇ ਖੜ੍ਹੀ ਇਕ ਟਰਾਲੀ ਨਾਲ ਜਾ ਟਕਰਾਈ। ਮ੍ਰਿਤਕਾਂ ਦੀ ਪਛਾਣ ਦਿਵਿਤ ਓਲਕ ਅਤੇ ਔਰਵ ਤਲਵਾੜ ਵਜੋਂ ਹੋਈ ਹੈ। ਦਿਵਿਤ ਓਲਕ ਸਪੀਡ ਰਿਕਾਰਡਸ ਕੰਪਨੀ ਦੇ ਮਾਲਕ ਦਿਨੇਸ਼ ਓਲਕ ਦਾ ਪੁੱਤਰ ਸੀ, ਜਦਕਿ ਔਰਵ ਤਲਵਾੜ ਪਟੇਲ ਚੌਕ ਸਥਿਤ ਪੱਪੀ ਸਵੀਟ ਸ਼ਾਪ ਦੇ ਮਾਲਕ ਦਾ ਪੁੱਤਰ ਸੀ। ਦੋ ਨੌਜਵਾਨਾਂ ਦੀ ਬੇਵਕਤੀ ਮੌਤ ਦੀ ਖ਼ਬਰ ਮਿਲਦਿਆਂ ਹੀ ਦੋਵਾਂ ਪਰਿਵਾਰਾਂ ਅਤੇ ਉਨ੍ਹਾਂ ਦੇ ਜਾਣਕਾਰਾਂ ਵਿਚ ਸੋਗ ਦੀ ਲਹਿਰ ਦੌੜ ਗਈ।
ਮੁੱਢਲੀ ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਤੜਕੇ ਕਰੀਬ 2 ਤੋਂ 3 ਵਜੇ ਦਰਮਿਆਨ ਵਾਪਰਿਆ। ਦੱਸਿਆ ਜਾਂਦਾ ਏ ਕਿ ਪੰਜੇ ਨੌਜਵਾਨ ਆਪਣੇ ਇਕ ਦੋਸਤ ਦੀ ਜਨਮ ਦਿਨ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਕਾਰ ਰਾਹੀਂ ਘਰ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਪੁਲਿਸ ਲਾਈਨ ਰੋਡ 'ਤੇ ਫਲਾਈਓਵਰ ਨੇੜੇ ਪੁੱਜੀ ਤਾਂ ਸੜਕ 'ਤੇ ਮੌਜੂਦ ਇਕ ਟਰਾਲੀ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਦੋਸਤਾਂ ਦਾ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਦੋਵਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਗ੍ਰੇਟਰ ਕੈਲਾਸ਼ ਇਲਾਕੇ ਵਿਚ ਡੀ.ਏ.ਵੀ. ਕਾਲਜ ਨੇੜੇ ਰਹਿੰਦੇ ਹਨ। ਸ਼ਹਿਰ ਦੇ ਦੋ ਨਾਮੀ ਕਾਰੋਬਾਰੀ ਪਰਿਵਾਰਾਂ ਦੇ ਨੌਜਵਾਨਾਂ ਦੀ ਇਸ ਤਰ੍ਹਾਂ ਬੇਵਕਤੀ ਮੌਤ ਕਾਰਨ ਇਲਾਕੇ ਵਿਚ ਵੀ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਹਾਦਸੇ ਤੋਂ ਬਾਅਦ ਪੁਲਿਸ ਲਾਈਨ ਰੋਡ 'ਤੇ ਫਲਾਈਓਵਰ ਨੇੜੇ ਸੜਕ ਸੁਰੱਖਿਆ ਅਤੇ ਸੜਕ ਉੱਪਰ ਟਰਾਲੀ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਹਾਲਾਂਕਿ ਹਾਦਸਾ ਕਿਹੜੇ ਹਾਲਾਤ ਵਿਚ ਵਾਪਰਿਆ, ਕਾਰ ਦੀ ਰਫ਼ਤਾਰ ਕਿੰਨੀ ਸੀ ਅਤੇ ਟਰਾਲੀ ਸੜਕ 'ਤੇ ਕਿਸ ਸਥਿਤੀ ਵਿਚ ਖੜ੍ਹੀ ਸੀ, ਇਸ ਬਾਰੇ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ। ਪੁਲਿਸ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਤਾਜ਼ਾ ਖ਼ਬਰਾਂ
Free
ਦਰਦਨਾਕ ਹਾਦਸੇ 'ਚ ਸਪੀਡ ਰਿਕਾਰਡਸ ਕੰਪਨੀ ਦੇ ਮਾਲਕ ਦੇ ਪੁੱਤਰ ਅਤੇ ਪੱਪੀ ਸਵੀਟਸ ਦੇ ਪੋਤਰੇ ਦੀ ਮੌਤ
ਜਲੰਧਰ, 1 ਨਵੰਬਰ (ਜਤਿੰਦਰ ਪੰਮੀ/ਦਵਿੰਦਰ) - ਸ਼ਹਿਰ ਵਿਚ ਐਤਵਾਰ ਤੜਕਸਾਰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ...
ਅਜੀਤ ਡੈਸਕ
01-11-2026