01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰਮਿੰਦਰ ਆਵਲਾ ਵਲੋਂ ਪਿੰਡ ਬਾਦਲ ’ਚ ‘ਜਲਾਲਾਬਾਦੀ’ ਅਕਾਲੀ ਆਗੂਆਂ ਨਾਲ ‘ਤਾਲਮੇਲ’ ਮੀਟਿੰਗ

ਮੰਡੀ ਕਿੱਲਿਆਂਵਾਲੀ, 1 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਨੇ ਸ੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ ਮਗਰੋਂ....

ਅਜੀਤ ਡੈਸਕ 01-11-2026

ਮੰਡੀ ਕਿੱਲਿਆਂਵਾਲੀ, 1 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਨੇ ਸ੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ ਮਗਰੋਂ ਜਲਾਲਾਬਾਦ ਹਲਕੇ ਵਿਚ ਆਪਣੀਆਂ ਸਿਆਸੀ ਜੜ੍ਹਾਂ ਮਜ਼ਬੂਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਅੱਜ ਉਨ੍ਹਾਂ ਨੇ ਪਿੰਡ ਬਾਦਲ ਦੇ ‘ਵੱਡੇ ਘਰ’ ਵਿਚ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਹਲਕੇ ਦੇ ਪ੍ਰਮੁੱਖ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਮੀਟਿੰਗ ਕੀਤੀ।

ਮੀਟਿੰਗ ਵਿਚ ਪਿਛਲੇ ਕਰੀਬ 15 ਸਾਲਾਂ ਤੋਂ ਜਲਾਲਾਬਾਦ ਹਲਕੇ ਦੇ ਇੰਚਾਰਜ ਵਜੋਂ ਵਿਚਰਦੇ ਆ ਰਹੇ ਸੀਨੀਅਰ ਆਗੂ ਸਤਿੰਦਰਜੀਤ ਸਿੰਘ ‘ਮੰਟਾ ਰੋੜਾਂਵਾਲੀ’ ਅਤੇ ਸ੍ਰੋਮਣੀ ਅਕਾਲੀ ਦਲ (ਬ) ਦੀ ਵਰਕਿੰਗ ਕਮੇਟੀ ਦੇ ਮੈਂਬਰ ਪਵਨਪ੍ਰੀਤ ਸਿੰਘ ਬੌਬੀ ਬਾਦਲ ਵੀ ਉਚੇਚੇ ਮੌਜੂਦ ਰਹੇ। ਇਸ ਮੌਕੇ ਹਲਕੇ ਦੇ ਕਰੀਬ 250 ਪ੍ਰਮੁੱਖ ਆਗੂਆਂ ਤੇ ਵਰਕਰਾਂ, ਸਾਬਕਾ ਤੇ ਮੌਜੂਦਾ ਸਰਪੰਚਾਂ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨਾਂ ਅਤੇ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ।

ਸੁਖਬੀਰ ਬਾਦਲ ਦੇ ਵਿਕਾਸ ਪੱਖੀ ਵਿਜ਼ਨ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਛੱਡ ਸ੍ਰੋਮਣੀ ਅਕਾਲੀ ਦਲ (ਬ) ਵਿਚ ਆਏ ਰਮਿੰਦਰ ਆਵਲਾ ਅੱਜ ਇੱਕਲਿਆਂ ਪਾਰਟੀ ਵਰਕਰ ਵਜੋਂ ਮੀਟਿੰਗ ਵਿਚ ਪੁੱਜੇ। ਜ਼ਿਕਰਯੋਗ ਹੈ ਕਿ ਉਨ੍ਹਾਂ 25 ਅਕਤੂਬਰ ਨੂੰ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’ ਦੇ ਯਤਨਾਂ ਸਦਕਾ ਅਕਾਲੀ ਦਲ ਦਾ ਪੱਲਾ ਫੜਿਆ ਸੀ। ਸੁਖਬੀਰ ਬਾਦਲ ਨੇ ਸਮੂਹ ਵਰਕਰਾਂ ਨੂੰ ਰਮਿੰਦਰ ਆਵਲਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਜਲਾਲਾਬਾਦ ਸੁਖਬੀਰ ਸਿੰਘ ਬਾਦਲ ਦਾ ਸਾਬਕਾ ਵਿਧਾਨ ਸਭਾ ਹਲਕਾ ਹੈ, ਜਿੱਥੋਂ ਉਹ ਸਾਲ 2009 ਅਤੇ 2012 ਵਿਚ ਵਿਧਾਇਕ ਚੁਣੇ ਗਏ ਸਨ। ਰਮਿੰਦਰ ਆਵਲਾ ਨੇ ਸਾਲ 2019 ਦੀ ਜ਼ਿਮਨੀ ਚੋਣ ਕਾਂਗਰਸ ਦੀ ਟਿਕਟ ’ਤੇ ਜਿੱਤੀ ਸੀ। ਆਵਲਾ ਦੀ ਪਛਾਣ ਇਕ ਸਿਆਸੀ ਆਗੂ ਦੇ ਨਾਲ-ਨਾਲ ਸਮਾਜ ਸੇਵੀ ਵਜੋਂ ਵੀ ਰਹੀ ਹੈ। ਮੀਟਿੰਗ ਦੌਰਾਨ ਸ੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਦੀ ਰਣਨੀਤੀ, ਜਲਾਲਾਬਾਦ ਹਲਕੇ ਵਿਚ ਲੋਕ-ਰਾਬਤਾ ਵਧਾਉਣ ਅਤੇ ਸਰਹੱਦੀ ਖੇਤਰ ਦੇ ਬੁਨਿਆਦੀ ਮੁੱਦਿਆਂ ਤੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਉਪਰੰਤ ਆਵਲਾ ਨੇ ਕਿਹਾ ਕਿ ਇਹ ਮੀਟਿੰਗ ਹਲਕੇ ਦੇ ਪੁਰਾਣੇ ਅਤੇ ਟਕਸਾਲੀ ਵਰਕਰਾਂ ਨਾਲ ਤਾਲਮੇਲ ਮਜ਼ਬੂਤ ਕਰਨ ਲਈ ਸੱਦੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਰਹੱਦੀ ਇਲਾਕਿਆਂ ਦਾ ਅਸਲ ਵਿਕਾਸ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੀ ਸੰਭਵ ਹੈ। ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਵਿਕਾਸ ਵਿਜ਼ਨ ਦੇ ਮੁਰੀਦ ਹਨ ਅਤੇ ਇਸੇ ਸੋਚ ਤਹਿਤ ਹਲਕੇ ਦਾ ਵਿਕਾਸ ਕਰਵਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਲਈ ਸਾਲਾਂ ਤੋਂ ਮਿਹਨਤ ਕਰਨ ਵਾਲੇ ਆਗੂਆਂ ਤੇ ਵਰਕਰਾਂ ਦਾ ਮਾਣ-ਸਤਿਕਾਰ ਬਰਕਰਾਰ ਰੱਖਦਿਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।

ਪਿਛਲੀ ਖ਼ਬਰ ਕਾਰ ਤੇ ਕੰਬਾਈਨ ਦੀ ਟੱਕਰ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖਮੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਵਲੋਂ ਝੋਟਾ ਮਾਮਲੇ 'ਚ ਇਨਸਾਫ ਦੇਣ ਅਤੇ ਫੜੇ ਆਗੂ ਰਿਹਾਅ ਕ...