02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਈ.ਡੀ.ਬੀ.ਆਈ. ਬੈਂਕ ਅਜਨਾਲਾ ਦੇ ਮੁਲਾਜ਼ਮਾਂ ਵਲੋਂ ਨਿੱਜੀਕਰਨ ਖ਼ਿਲਾਫ਼ ਹੜਤਾਲ

ਅਜਨਾਲਾ (ਅੰਮ੍ਰਿਤਸਰ), 2 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਆਈ.ਡੀ.ਬੀ.ਆਈ. ਬੈਂਕ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ਵਿਚ ਦੇਸ਼ ਭਰ ਦੇ ਬੈਂਕ ਮੁਲਾਜ਼ਮਾਂ ਵਲੋਂ...

ਅਜੀਤ ਡੈਸਕ 02-11-2026

ਅਜਨਾਲਾ (ਅੰਮ੍ਰਿਤਸਰ), 2 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਆਈ.ਡੀ.ਬੀ.ਆਈ. ਬੈਂਕ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ਵਿਚ ਦੇਸ਼ ਭਰ ਦੇ ਬੈਂਕ ਮੁਲਾਜ਼ਮਾਂ ਵਲੋਂ ਦਿੱਤੇ ਗਏ ਦੋ ਰੋਜ਼ਾ ਹੜਤਾਲ ਦੇ ਸੱਦੇ ਤਹਿਤ ਅਜਨਾਲਾ ਸਥਿਤ ਆਈ.ਡੀ.ਬੀ.ਆਈ. ਬੈਂਕ ਦੇ ਮੁਲਾਜ਼ਮਾਂ ਵਲੋਂ ਵੀ ਹੜਤਾਲ ਵਿਚ ਸ਼ਮੂਲੀਅਤ ਕਰਦਿਆਂ ਬੈਂਕ ਦੇ ਨਿੱਜੀਕਰਨ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਵਿਕਾਸ ਗੁਪਤਾ ਨੇ ਦੱਸਿਆ ਕਿ ਦੇਸ਼ ਪੱਧਰ ’ਤੇ ਚੱਲ ਰਹੇ ਇਸ ਸੰਘਰਸ਼ ਦਾ ਮੁੱਖ ਉਦੇਸ਼ ਆਈ.ਡੀ.ਬੀ.ਆਈ. ਬੈਂਕ ਦੀ ਜਨਤਕ ਮਾਲਕੀ ਨੂੰ ਬਰਕਰਾਰ ਰੱਖਣਾ ਅਤੇ ਨਿੱਜੀਕਰਨ ਦੇ ਫ਼ੈਸਲੇ ਨੂੰ ਰੱਦ ਕਰਵਾਉਣਾ ਹੈ।

ਵਿਕਾਸ ਗੁਪਤਾ ਨੇ ਦੱਸਿਆ ਕਿ ਬੈਂਕ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਜਥੇਬੰਦੀ ਵਲੋਂ 2 ਅਤੇ 3 ਨਵੰਬਰ ਨੂੰ ਦੋ ਰੋਜ਼ਾ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਅਨੁਸਾਰ, ਹੜਤਾਲ ਦੇ ਪਹਿਲੇ ਦਿਨ ਦੇਸ਼ ਭਰ ਵਿਚ 10 ਹਜ਼ਾਰ ਤੋਂ ਵੱਧ ਆਈ.ਡੀ.ਬੀ.ਆਈ. ਬੈਂਕ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਹੋਰਨਾਂ ਬੈਂਕ ਯੂਨੀਅਨਾਂ ਵਲੋਂ ਵੀ ਇਸ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਆਈ.ਡੀ.ਬੀ.ਆਈ. ਬੈਂਕ ਦੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ ਅਤੇ ਬੈਂਕ ਦਾ ਜਨਤਕ ਖੇਤਰ ਵਾਲਾ ਸਰੂਪ ਕਾਇਮ ਰੱਖਿਆ ਜਾਵੇ।

ਉਨ੍ਹਾਂ ਦੱਸਿਆ ਕਿ ਬੈਂਕ ਦੀਆਂ ਜਾਇਦਾਦਾਂ, ਇਸ ਦੇ ਵਿਸ਼ਾਲ ਸ਼ਾਖਾ ਨੈੱਟਵਰਕ, ਵੱਡੇ ਗਾਹਕ ਆਧਾਰ ਅਤੇ ਵਿੱਤੀ ਕਾਰਗੁਜ਼ਾਰੀ ਨੂੰ ਧਿਆਨ ਵਿਚ ਰੱਖਦਿਆਂ ਇਸ ਦੀ ਮਾਲਕੀ ਸਬੰਧੀ ਕੋਈ ਵੀ ਫ਼ੈਸਲਾ ਪੂਰੀ ਪਾਰਦਰਸ਼ਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਬੈਂਕ ਦੀ ਵਿਕਰੀ ਦਾ ਪ੍ਰਸਤਾਵ ਵਾਪਸ ਲਿਆ ਜਾਵੇ ਅਤੇ ਇਸ ਦੀ ਜਨਤਕ ਮਾਲਕੀ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕਿੰਗ ਖੇਤਰ ਵਿਚ ਜਨਤਕ ਅਦਾਰਿਆਂ ਦੀ ਅਹਿਮ ਭੂਮਿਕਾ ਹੈ ਅਤੇ ਇਨ੍ਹਾਂ ਦੀ ਮਾਲਕੀ ਸਬੰਧੀ ਫ਼ੈਸਲੇ ਲੈਂਦੇ ਸਮੇਂ ਮੁਲਾਜ਼ਮਾਂ, ਗਾਹਕਾਂ ਅਤੇ ਦੇਸ਼ ਦੀ ਆਰਥਿਕਤਾ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਆਈ.ਡੀ.ਬੀ.ਆਈ. ਬੈਂਕ ਦੇ ਨਿੱਜੀਕਰਨ ਦੇ ਵਿਰੋਧ ਵਿਚ ਇਹ ਹੜਤਾਲ 3 ਨਵੰਬਰ ਨੂੰ ਵੀ ਜਾਰੀ ਰਹੇਗੀ। ਬੈਂਕ ਮੁਲਾਜ਼ਮ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮੁਲਾਜ਼ਮਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣੇ ਅਤੇ ਨਿੱਜੀਕਰਨ ਸਬੰਧੀ ਫ਼ੈਸਲੇ ’ਤੇ ਮੁੜ ਵਿਚਾਰ ਕਰੇ। ਇਸ ਮੌਕੇ ਸੁਨੀਲ ਜਾਖੜ, ਨਵੀਨ ਕੁਮਾਰ, ਜਤਿੰਦਰ ਕੁਮਾਰ, ਜਾਨਵੀ ਅਰੋੜਾ ਆਦਿ ਹਾਜ਼ਰ ਸਨ I

ਪਿਛਲੀ ਖ਼ਬਰ ਹੌਟਸਪੌਟਾਂ 'ਚ ਹੁਣ ਨਸ਼ਿਆਂ ਦੀ ਥਾਂ ਖੇਡਾਂ ਦੀ ਗੂੰਜ ਸੁਣੇਗੀ, ਡੀ.ਸੀ. ਤੇ ਐਸ.ਐਸ.ਪੀ. ਨੇ ਵਿਭਾਗਾਂ ਨੂੰ ਦਿੱਤੇ ਤੇਜ਼ੀ... ਅਗਲੀ ਖ਼ਬਰ ਰਾਹੁਲ ਗਾਂਧੀ ਵਲੋਂ ਰੈਲੀ ਵਾਲੀ ਥਾਂ ’ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸਚਿਨ ਪਾਇਲਟ ਤੇ ਵਿਜੈ ਇੰਦਰ ਸਿੰਗਲਾ