ਹੁਸ਼ਿਆਰਪੁਰ, 3 ਨਵੰਬਰ- ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ 'ਤੇ ਈ.ਡੀ. ਦੀ ਟੀਮ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਸਵੇਰੇ ਤੜਕੇ ਸ਼ੁਰੂ ਹੋਈ ਇਸ ਕਾਰਵਾਈ ਨੂੰ 28 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਈ.ਡੀ. ਦੇ ਅਧਿਕਾਰੀ ਅਜੇ ਵੀ ਘਰ ਦੇ ਅੰਦਰ ਮੌਜੂਦ ਹਨ ਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।
ਸਿਆਸੀ ਹਲਕਿਆਂ ਵਿਚ ਇਸ ਛਾਪੇਮਾਰੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਜੇਕਰ ਜਾਂਚ ਦੌਰਾਨ ਈ.ਡੀ. ਨੂੰ ਕੋਈ ਸ਼ੱਕੀ ਦਸਤਾਵੇਜ਼ ਜਾਂ ਬੇਨਿਯਮੀ ਦੇ ਸਬੂਤ ਮਿਲਦੇ ਹਨ, ਤਾਂ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦੂਜੇ ਪਾਸੇ ਜੇਕਰ ਟੀਮ ਨੂੰ ਕੁਝ ਵੀ ਬਰਾਮਦ ਨਹੀਂ ਹੁੰਦਾ ਤਾਂ ਇਸ ਨਾਲ ਅਰੋੜਾ ਦੇ ਪੱਖ ਨੂੰ ਮਜ਼ਬੂਤੀ ਮਿਲੇਗੀ, ਕਿਉਂਕਿ ਉਨ੍ਹਾਂ ਦੇ ਸਮਰਥਕਾਂ ਦਾ ਦੋਸ਼ ਹੈ ਕਿ ਇਹ ਕਾਰਵਾਈ ਵਿਰੋਧੀ ਧਿਰਾਂ ਵਲੋਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਕਰਵਾਈ ਜਾ ਰਹੀ ਹੈ।