ਭਵਾਨੀਗੜ੍ਹ (ਸੰਗਰੂਰ), 3 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸ਼ਹਿਰ ਦੀ ਪਤਾਸਿਆਂ ਵਾਲੀ ਗਲੀ ਵਿਖੇ ਇਕ ਦੁਕਾਨ ’ਤੇ ਐਡਵਾਂਸ ਦਿੱਤੇ ਕਰੀਬ 80 ਹਜ਼ਾਰ ਰੁਪਏ ਵਾਪਸ ਮੰਗਣ ਗਏ ਪਿੰਡ ਕਾਕੜਾ ਦੇ ਇਕ ਦੋਧੀ ’ਤੇ ਕਥਿਤ ਤੌਰ ’ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ, ਜਿਸ ਨੂੰ ਮੁੱਢਲੀ ਸਹਾਇਤਾ ਉਪਰੰਤ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਾਕੜਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕੁਲਦੀਪ ਸਿੰਘ ਪਿੰਡ ਕਾਕੜਾ ਵਿਖੇ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਪਿੰਡ ਦਾ ਹੀ ਇਕ ਵਿਅਕਤੀ ਉਸ ਦੀ ਡੇਅਰੀ ਵਿੱਚ ਦੁੱਧ ਪਾਉਂਦਾ ਸੀ ਅਤੇ ਸਮੇਂ-ਸਮੇਂ ’ਤੇ ਉਸ ਕੋਲੋਂ ਐਡਵਾਂਸ ਰਕਮ ਵੀ ਲੈ ਜਾਂਦਾ ਸੀ। ਇਸ ਤਰ੍ਹਾਂ ਉਕਤ ਵਿਅਕਤੀ ਵੱਲ ਕਰੀਬ 80 ਹਜ਼ਾਰ ਰੁਪਏ ਐਡਵਾਂਸ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਉਕਤ ਵਿਅਕਤੀ ਨੇ ਕੁਲਦੀਪ ਸਿੰਘ ਦੀ ਡੇਅਰੀ ਵਿਚ ਦੁੱਧ ਪਾਉਣਾ ਬੰਦ ਕਰ ਦਿੱਤਾ ਅਤੇ ਕਿਸੇ ਹੋਰ ਡੇਅਰੀ ਵਿਚ ਦੁੱਧ ਪਾਉਣ ਲੱਗ ਪਿਆ।
ਜਦੋਂ ਕੁਲਦੀਪ ਸਿੰਘ ਆਪਣੇ ਦਿੱਤੇ ਹੋਏ ਐਡਵਾਂਸ ਪੈਸੇ ਵਾਪਸ ਮੰਗਦਾ ਸੀ ਤਾਂ ਕਥਿਤ ਤੌਰ ’ਤੇ ਉਸ ਨੂੰ ਟਾਲ-ਮਟੋਲ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਸ਼ਮਸ਼ੇਰ ਸਿੰਘ ਦੇ ਦੱਸਿਆ ਕਿ ਅੱਜ ਜਦੋਂ ਉਸ ਦਾ ਭਰਾ ਕੁਲਦੀਪ ਸਿੰਘ ਭਵਾਨੀਗੜ੍ਹ ਦੀ ਪਤਾਸਿਆਂ ਵਾਲੀ ਗਲੀ ਸਥਿਤ ਉਕਤ ਵਿਅਕਤੀ ਦੀ ਦੁਕਾਨ ’ਤੇ ਆਪਣੇ ਪੈਸੇ ਵਾਪਸ ਲੈਣ ਲਈ ਗਿਆ ਤਾਂ ਉਸ ’ਤੇ ਕਥਿਤ ਤੌਰ ’ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਹੋਏ ਕੁਲਦੀਪ ਸਿੰਘ ਨੂੰ ਲੋਕਾਂ ਵਲੋਂ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਰੈਫ਼ਰ ਕਰ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕਰਨ ਉਪਰੰਤ ਮਾਮਲੇ ਵਿਚ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।