ਜਲੰਧਰ, 4 ਨਵੰਬਰ-ਦੇਰ ਰਾਤ ਜਲੰਧਰ ਵਿਚ ਦਿੱਲੀ ਪੁਲਿਸ ਦੀ ਟੀਮ ਵਲੋਂ ਛਾਪੇਮਾਰੀ ਕਰਕੇ ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਕਾਰਵਾਈ ਸ਼ਹਿਰ ਵਿਚ ਡੀਮਾਰਟ ਦੇ ਬਾਹਰ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੀ ਟੀਮ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਮਾਮਲੇ ਵਿਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਲੰਧਰ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਦਿੱਲੀ ਵਿਚ ਮਾਮਲਾ ਦਰਜ ਹੈ। ਹਾਲਾਂਕਿ ਪੁਲਿਸ ਦੀ ਕਾਰਵਾਈ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ-6 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਪੁਲਿਸ ਨੇ ਉਸ ਨਿੱਜੀ ਕਾਰ ਦੀ ਵੀ ਤਲਾਸ਼ੀ ਲਈ, ਜਿਸ ਵਿਚ ਦਿੱਲੀ ਪੁਲਿਸ ਦੀ ਟੀਮ ਆਈ ਹੋਈ ਸੀ। ਤਲਾਸ਼ੀ ਦੌਰਾਨ ਕਾਰ ਵਿਚੋਂ ਸ਼ਰਾਬ ਦੀ ਇਕ ਬੋਤਲ ਅਤੇ ਸ਼ਰਾਬ ਨਾਲ ਭਰੇ ਦੋ ਗਲਾਸ ਮਿਲਣ ਦੀ ਗੱਲ ਸਾਹਮਣੇ ਆਈ ਹੈ।
ਫਿਲਹਾਲ ਸਥਾਨਕ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।