ਚੰਡੀਗੜ੍ਹ, 10 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਡੱਡੂਮਾਜਰਾ ਵਿਖੇ ਇੰਸਟਾਗ੍ਰਾਮ 'ਤੇ ਜੇਲ੍ਹ ਵਿਚ ਬੰਦ ਲੱਕੀ ਦੇ ਹੱਕ ਵਿਚ 'ਮਿਸ ਯੂ ਭਾਈ' ਦੀ ਪੋਸਟ ਪਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਦੇ ਨੌਜਵਾਨਾਂ ਨੇ ਨਾਬਾਲਗ ਦੇ ਪਿਤਾ 'ਤੇ ਹਮਲਾ ਕਰ ਕੇ ਉਨ੍ਹਾਂ ਦਾ ਸਿਰ ਪਾੜ ਦਿੱਤਾ, ਜਦਕਿ ਘਰ ਦੇ ਬਾਹਰ ਖੜ੍ਹੀ ਫਾਰਚੂਨਰ ਗੱਡੀ ਦੀ ਭੰਨ-ਤੋੜ ਕਰਨ ਤੋਂ ਬਾਅਦ ਇਕ ਐਕਟਿਵਾ ਨੂੰ ਅੱਗ ਲਗਾ ਦਿੱਤੀ।
ਪੁਲਿਸ ਅਨੁਸਾਰ ਡੱਡੂਮਾਜਰਾ ਵਾਸੀ ਇਕ ਨਾਬਾਲਗ ਨੇ ਦੀਵਾਲੀ ਵਾਲੇ ਦਿਨ ਇੰਸਟਾਗ੍ਰਾਮ 'ਤੇ ਜੇਲ੍ਹ ਵਿਚ ਬੰਦ ਲੱਕੀ ਲਈ 'ਮਿਸ ਯੂ ਭਾਈ' ਦੀ ਪੋਸਟ ਪਾਈ ਸੀ। ਇਸ ਦਾ ਸਮੀਰ ਅਤੇ ਬਾਜਵਾ ਨਾਂ ਦੇ ਨੌਜਵਾਨਾਂ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਗਾਲੀ-ਗਲੋਚ ਸ਼ੁਰੂ ਹੋ ਗਈ ਅਤੇ ਰੰਜਿਸ਼ ਵਧ ਗਈ।
ਇਸੇ ਰੰਜਿਸ਼ ਤਹਿਤ ਸੋਮਵਾਰ ਰਾਤ ਕਰੀਬ ਸਾਢੇ 11 ਵਜੇ ਕਥਿਤ ਤੌਰ ਤੇ ਸਮੀਰ ਅਤੇ ਬਾਜਵਾ ਆਪਣੇ 10 ਤੋਂ 12 ਸਾਥੀਆਂ ਸਮੇਤ ਨਾਬਾਲਗ ਦੇ ਘਰ ਪਹੁੰਚ ਗਏ। ਉਨ੍ਹਾਂ ਨੇ ਨਾਬਾਲਗ ਨੂੰ ਘੇਰ ਕੇ ਕੁੱਟਮਾਰ ਕੀਤੀ। ਪਿਤਾ ਦੇ ਮੌਕੇ 'ਤੇ ਪਹੁੰਚਣ 'ਤੇ ਮੁਲਜ਼ਮਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਘਰ ਦੇ ਬਾਹਰ ਖੜ੍ਹੀ ਫਾਰਚੂਨਰ ਦੇ ਸ਼ੀਸ਼ੇ ਅਤੇ ਹੋਰ ਹਿੱਸਿਆਂ ਦੀ ਭੰਨ-ਤੋੜ ਕੀਤੀ ਅਤੇ ਇਕ ਐਕਟਿਵਾ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਨਾਬਾਲਗ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।