ਫ਼ਿਰੋਜ਼ਪੁਰ, 12 ਨਵੰਬਰ (ਕੁਲਬੀਰ ਸਿੰਘ ਸੋਢੀ) - ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਲਈ ਦਾਖ਼ਲ ਇੱਕ ਹਵਾਲਾਤੀ ਪੁਲਿਸ ਗਾਰਦ ਨੂੰ ਚਕਮਾ ਦੇ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਰਾਰ ਹੋਏ ਹਵਾਲਾਤੀ ਦੀ ਪਛਾਣ ਰਮਨਦੀਪ ਸਿੰਘ ਉਰਫ਼ ਰੰਮੀ ਪੁੱਤਰ ਪ੍ਰੇਮ ਸਿੰਘ ਵਾਸੀ ਵਾਰਡ ਨੰਬਰ 3, ਮੱਲਾਂਵਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਹਵਾਲਾਤੀ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਦੱਸਿਆ ਗਿਆ ਹੈ।ਉਸ ਦੀ ਲੱਤ ਵਿਚ ਰਾਡ ਪਾਈ ਹੋਈ ਸੀ ਅਤੇ ਉਸ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਕਾਰਨ ਰਾਡ ਕਢਵਾਉਣ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਹ ਹਸਪਤਾਲ ਦੇ ਕੈਦੀ ਵਾਰਡ ਵਿਚ ਰੱਖਿਆ ਹੋਇਆ ਸੀ, ਜਿੱਥੇ ਪੁਲਿਸ ਗਾਰਦ ਦੀ 24 ਘੰਟੇ ਤਾਇਨਾਤੀ ਸੀ। ਇਸ ਦੇ ਬਾਵਜੂਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਵਲੋਂ ਉਕਤ ਹਵਾਲਾਤੀ ਦੀ ਭਾਲ ਸ਼ੁਰੂਕਰ ਦਿੱਤੀ ਗਈ ਹੈ।