ਹਰਸਾ ਛੀਨਾ (ਅੰਮ੍ਰਿਤਸਰ), 12 ਨਵੰਬਰ (ਕੜਿਆਲ)- ਆਮ ਆਦਮੀ ਪਾਰਟੀ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਧਿਕਾਰਿਤ ਉਮੀਦਵਾਰਾਂ ਦੀ ਦੂਸਰੀ ਸੂਚੀ ਦੇ ਜਾਰੀ ਹੋਣ ਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਡਾ. ਸੋਨੀਆ ਮਾਨ ਨੂੰ ਉਮੀਦਵਾਰ ਬਣਾਏ ਜਾਣ ਉਪਰੰਤ ਮੁੱਢਲੇ ਪਾਰਟੀ ਵਰਕਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਪੰਜਾਬ ਸੁਖਦੀਪ ਸਿੰਘ ਛੀਨਾ ਵਲੋਂ ਆਪਣੇ ਅਹੁਦੇ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਣ ਕੀਤਾ।
ਇਸ ਸੰਬੰਧੀ ਅਜੀਤ ਨਾਲ ਵਿਸੇਸ਼ ਗੱਲਬਾਤ ਕਰਦਿਆਂ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ, ਡਾਇਰੈਕਟਰ ਸੁਖਦੀਪ ਸਿੰਘ ਛੀਨਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਪਿਛਲੇ 13 ਸਾਲਾਂ ਤੋਂ ਜੁੜੇ ਹੋਏ ਸਨ ਅਤੇ ਉਨ੍ਹਾਂ ਵਲੋਂ ਪਾਰਟੀ ਅਤੇ ਸਰਕਾਰ ਦੀਆਂ ਨੀਤੀਆਂ ਸਮੇਤ ਨਸ਼ੇ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਹਲਕੇ ਦੇ ਘਰ-ਘਰ ਤੱਕ ਪਹੁੰਚ ਕੀਤੀ ਗਈ ਸੀ।
ਸ. ਛੀਨਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਸੋਨੀਆ ਮਾਨ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਦੇ ਮੁਢਲੇ ਮੈਂਬਰਾਂ ਤੇ ਵਰਕਰਾਂ ਅੰਦਰ ਨਿਰਾਸ਼ਤਾ ਹੋਣ ਕਾਰਨ ਉਹ ਆਪਣੇ ਘਰਾਂ ਵਿਚ ਬੈਠੇ ਹਨ। ਸ. ਛੀਨਾ ਨੇ ਆਮ ਆਦਮੀ ਪਾਰਟੀ ਦੇ ਹਾਈਕਮਾਨ ਤੋਂ ਮੰਗ ਕੀਤੀ ਕਿ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਅੱਜ ਐਲਾਨੇ ਉਮੀਦਵਾਰ ਮੈਡਮ ਸੋਨੀਆ ਮਾਨ ਦੀ ਟਿਕਟ 'ਤੇ ਮੁੜ ਵਿਚਾਰ ਕੀਤੀ ਜਾਵੇ ਅਤੇ ਹਲਕੇ ਦੇ ਕਿਸੇ ਯੋਗ ਅਤੇ ਜਿੱਤ ਦਰਜ ਕਰਨ ਵਾਲੇ ਵਰਕਰ ਨੂੰ ਹੀ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਜਾਵੇ। ਸ. ਛੀਨਾ ਨੇ ਦਾਅਵਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਵਲੋਂ ਰਾਜਾਸਾਂਸੀ ਤੋਂ ਪਾਰਟੀ ਉਮੀਦਵਾਰ ਬਾਰੇ ਮੁੜ ਵਿਚਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਆਪ ਵਰਕਰ ਤੇ ਆਗੂ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ।