ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਮਾਊਂਟ ਪਲੈਜ਼ੈਂਟ ਇਲਾਕੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਪੈਦਲ ਰਾਹਗੀਰ ਦੀ ਮੌਤ ਹੋ ਗਈ। ਇਹ ਹਾਦਸਾ ਮੇਨ ਸਟਰੀਟ ਅਤੇ ਈਸਟ ਬ੍ਰਾਡਵੇਅ ਦੇ ਚੌਰਾਹੇ ’ਤੇ ਵਾਪਰਿਆ।
ਇਸ ਮਾਮਲੇ ਦੀ ਪੜਤਾਲ ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫ਼ਤਰ ਵਲੋਂ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਮੁਤਾਬਿਕ ਅਜੇ ਤੱਕ ਮ੍ਰਿਤਕ ਦੀ ਪਛਾਣ, ਉਮਰ ਅਤੇ ਹਾਦਸੇ ਦੇ ਸਹੀ ਸਮੇਂ ਸਬੰਧੀ ਵੇਰਵੇ ਨਹੀਂ ਦਿੱਤੇ ਗਏ। ਹਾਦਸੇ ਲਈ ਕੌਣ ਜ਼ਿੰਮੇਵਾਰ ਹੈ, ਇਸ ਦਾ ਪਤਾ ਜਾਂਚ ਉਪਰੰਤ ਹੀ ਲੱਗ ਸਕੇਗਾ।