ਨਵੀਂ ਦਿੱਲੀ, 28 ਨਵੰਬਰ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਹਾਕੀ ਇੰਡੀਆ ਦੀਆਂ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਕਰਦਿਆਂ 5 ਦਸੰਬਰ ਨੂੰ ਨਿਰਧਾਰਤ ਚੋਣਾਂ ’ਤੇ ਲੱਗੀ ਰੋਕ ਹਟਾ ਦਿੱਤੀ ਹੈ। ਅਦਾਲਤ ਨੇ ਉੜੀਸਾ ਹਾਈ ਕੋਰਟ ਵਲੋਂ 6 ਤੇ 18 ਨਵੰਬਰ ਨੂੰ ਜਾਰੀ ਕੀਤੇ ਗਏ ਉਨ੍ਹਾਂ 2 ਹੁਕਮਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਰਾਹੀਂ ਹਾਕੀ ਇੰਡੀਆ ਦੀ ਚੋਣ ਪ੍ਰਕਿਰਿਆ ’ਤੇ ਰੋਕ ਲਗਾਈ ਗਈ ਸੀ।
ਜਸਟਿਸ ਕੇ.ਵੀ. ਵਿਸ਼ਵਨਾਥਨ ਤੇ ਜਸਟਿਸ ਅਰੁਣ ਪੱਲੀ ਦੇ ਬੈਂਚ ਨੇ ਹਾਕੀ ਇੰਡੀਆ ਵਲੋਂ ਹਾਕੀ ਐਸੋਸੀਏਸ਼ਨ ਆਫ਼ ਓਡੀਸ਼ਾ ਨੂੰ ਜਾਰੀ ਕੀਤੇ ਗਏ 7 ਤੇ 29 ਅਕਤੂਬਰ ਦੇ ਕਾਰਨ ਦੱਸੋ ਨੋਟਿਸ ਵੀ ਵਾਪਸ ਲੈ ਲਏ। ਇਨ੍ਹਾਂ ਨੋਟਿਸਾਂ ਰਾਹੀਂ ਓਡੀਸ਼ਾ ਹਾਕੀ ਐਸੋਸੀਏਸ਼ਨ ਨੂੰ ਸਥਾਈ ਮੈਂਬਰ ਤੋਂ ਸਹਿਯੋਗੀ ਮੈਂਬਰ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਹਾਕੀ ਐਸੋਸੀਏਸ਼ਨ ਆਫ਼ ਓਡੀਸ਼ਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏ.ਕੇ. ਸੀਕਰੀ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਜਾਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਖਿਡਾਰੀਆਂ ਦੇ ਹਿੱਤਾਂ ਨੂੰ ਕਿਸੇ ਵੀ ਕੀਮਤ ’ਤੇ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾ ਸਕਦਾ।