ਪਹਿਲੀ ਵਾਰ ਸਕੂਲ ਅਧਿਆਪਕਾਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ <br/>
ਅਜੀਤ ਡੈਸਕ
30-08-2025
ਮਿਸਰਦੀਪ ਭਾਟੀਆ
ਨਵੀਂ ਦਿੱਲੀ, 29 ਅਗਸਤ-ਸਿੱਖਿਆ ਮੰਤਰਾਲੇ ਦੀ 'ਯੂਨੀਫਾਈਡ ਡਿਸਟਿ੍ਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ 2024-25' ਦੀ ਰਿਪੋਰਟ ਅਨੁਸਾਰ ਦੇਸ਼ ਵਿਚ ਸਕੂਲ ਅਧਿਆਪਕਾਂ ਦੀ ਗਿਣਤੀ ਪਹਿਲੀ ਵਾਰ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ | ਇਹ ਅੰਕੜਾ ਹੁਣ 1.01 ਕਰੋੜ ਤੱਕ ਪਹੁੰਚ ਗਿਆ ਹੈ, ਜੋ ਕਿ ਪਿਛਲੇ ਸਾਲ ਦੇ 98 ਲੱਖ ਨਾਲੋਂ ਕਿਤੇ ਵਧ ਹੈ | ਮੰਤਰਾਲੇ ਨੇ ਇਸ ਨੂੰ ਸਕੂਲ ਸਿੱਖਿਆ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਦੱਸਿਆ ਹੈ | ਇਸ ਰਿਪੋਰਟ ਤੋਂ ਇਕ ਹੋਰ ਮਹੱਤਵਪੂਰਨ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਵਿਚ ਮਹਿਲਾ ਅਧਿਆਪਕਾਂ ਦੀ ਗਿਣਤੀ ਹੁਣ ਪੁਰਸ਼ ਅਧਿਆਪਕਾਂ ਨਾਲੋਂ ਵਧ ਗਈ ਹੈ | 2014 ਤੋਂ ਬਾਅਦ ਭਰਤੀ ਕੀਤੇ ਗਏ 51.36 ਲੱਖ ਅਧਿਆਪਕਾਂ ਵਿਚੋਂ 61 ਫ਼ੀਸਦੀ ਔਰਤਾਂ ਹਨ | ਵਰਤਮਾਨ ਵਿਚ 54.81 ਲੱਖ ਮਹਿਲਾ ਅਧਿਆਪਕ ਹਨ, ਜਦੋਂਕਿ ਪੁਰਸ਼ ਅਧਿਆਪਕਾਂ ਦੀ ਗਿਣਤੀ 46.41 ਲੱਖ ਹੈ | ਰਿਪੋਰਟ ਵਿਚ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਹੈ ਕਿ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ (ਡ੍ਰੌਪਆਊਟ ਦਰ) ਸਾਰੇ ਪੱਧਰਾਂ 'ਤੇ ਇਤਿਹਾਸਕ ਤੌਰ 'ਤੇ ਘਟੀ ਹੈ | ਸਕੂਲ ਛੱਡਣ ਦੀ ਦਰ ਪ੍ਰਾਇਮਰੀ ਪੱਧਰ 'ਤੇ 3.7 ਫ਼ੀਸਦੀ ਤੋਂ ਘੱਟ ਕੇ 2.3 ਫ਼ੀਸਦੀ, ਮਿਡਲ ਪੱਧਰ 'ਤੇ 5.2 ਫ਼ੀਸਦੀ ਤੋਂ ਘੱਟ ਕੇ 3.5 ਫ਼ੀਸਦੀ ਅਤੇ ਸੈਕੰਡਰੀ ਪੱਧਰ 'ਤੇ 10.9 ਤੋਂ ਘੱਟ ਕੇ 8.2 ਫ਼ੀਸਦੀ ਹੋ ਗਈ ਹੈ | ਇਸ ਦੇ ਨਾਲ ਹੀ ਸਕੂਲ ਵਿਚ ਰੁਕਣ ਵਾਲੇ ਬੱਚਿਆਂ ਦੀ ਫ਼ੀਸਦ (ਰਿਟੈਂਸ਼ਨ) ਵਿਚ ਵੀ ਵਾਧਾ ਹੋਇਆ ਹੈ | ਇਹ ਪ੍ਰਾਇਮਰੀ ਪੱਧਰ 'ਤੇ 85.4 ਫ਼ੀਸਦੀ ਤੋਂ ਵਧ ਕੇ 92.4 ਫ਼ੀਸਦੀ ਅਤੇ ਸੈਕੰਡਰੀ ਪੱਧਰ 'ਤੇ 45.6 ਫ਼ੀਸਦੀ ਤੋਂ ਵਧ ਕੇ 47.2 ਫ਼ੀਸਦੀ ਹੋ ਗਈ ਹੈ | ਸਕੂਲਾਂ ਵਿਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿਚ ਵੀ ਕਾਫ਼ੀ ਸੁਧਾਰ ਹੋਇਆ ਹੈ | 99.3 ਫ਼ੀਸਦੀ ਸਕੂਲਾਂ ਵਿਚ ਪੀਣ ਵਾਲਾ ਪਾਣੀ, 93.6 ਫ਼ੀਸਦੀ ਵਿਚ ਬਿਜਲੀ ਅਤੇ 97.3 ਫ਼ੀਸਦੀ ਵਿਚ ਕੁੜੀਆਂ ਦੇ ਪਖਾਨੇ ਉਪਲੱਬਧ ਹਨ | ਡਿਜ਼ੀਟਲ ਪਹੁੰਚ ਵਿਚ ਵੀ ਵਾਧਾ ਹੋਇਆ ਹੈ | 64.7 ਫ਼ੀਸਦੀ ਸਕੂਲਾਂ ਵਿਚ ਹੁਣ ਕੰਪਿਊਟਰ ਅਤੇ ਇੰਟਰਨੈੱਟ ਕੁਨੈਕਟੀਵਿਟੀ ਹੈ, ਜੋ ਕਿ ਪਿਛਲੇ ਸਾਲ 53.9 ਫ਼ੀਸਦੀ ਤੋਂ ਲਗਭਗ 10 ਫ਼ੀਸਦੀ ਅੰਕ ਵਧ ਕੇ ਇਸ ਸਾਲ 63.5 ਫ਼ੀਸਦੀ ਹੋ ਗਈ ਹੈ |