21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅੱਤਵਾਦ ਤੇ ਸੰਗਠਿਤ ਅਪਰਾਧ ਵਰਗੇ ਖ਼ਤਰਿਆਂ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ 'ਤੇ ਉੱਚ ਪੱਧਰੀ ਮੀਟਿੰਗ

ਅਜੀਤ ਡੈਸਕ 30-08-2025

ਸੁਰੱਖਿਆ ਏਜੰਸੀਆਂ ਤੇ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਪੁਲਿਸ ਮੁਖੀ ਹੋਏ ਸ਼ਾਮਿਲ
ਪੰਚਕੂਲਾ, 29 ਅਗਸਤ (ਕਪਿਲ)-ਪੰਚਕੂਲਾ ਦੇ ਮੋਗੀ ਨੰਦ ਵਿਖੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਜਿਨ੍ਹਾਂ 'ਚ ਸੂਚਨਾ ਬਿਊਰੋ, ਕੌਮੀ ਜਾਂਚ ਏਜੰਸੀ (ਐਨ. ਆਈ. ਏ.), ਕੌਮੀ ਸੁਰੱਖਿਆ ਗਾਰਡ (ਐਨ. ਐਸ. ਜੀ.) ਅਤੇ ਉੱਤਰੀ ਸੂਬਿਆਂ, ਜਿਨ੍ਹਾਂ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੁਲਿਸ ਡੀ. ਜੀ. ਪੀਜ਼ ਸ਼ਾਮਿਲ ਸਨ, ਦੀ ਉੱਚ ਪੱਧਰੀ ਮੀਟਿੰਗ ਹੋਈ | ਮੀਟਿੰਗ 'ਚ ਉੱਤਰ ਭਾਰਤ 'ਚ ਉੱਭਰ ਰਹੇ ਅੱਤਵਾਦੀ ਖ਼ਤਰਿਆਂ ਅਤੇ ਸੰਗਠਿਤ ਅਪਰਾਧ ਦੀਆਂ ਬਦਲਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝਾ ਰਣਨੀਤੀ 'ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਦਾ ਮੁੱਖ ਮੰਤਵ ਆਪਸੀ ਤਾਲਮੇਲ ਅਤੇ ਸਮਰੱਥਾ ਨਿਰਮਾਣ ਦੇ ਜ਼ਰੀਏ ਸੁਰੱਖਿਆ ਤੰਤਰ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਾ ਸੀ | ਐਨ. ਆਈ. ਏ. ਦੇ ਡਾਇਰੈਕਟਰ ਜਨਰਲ ਸਦਾਨੰਦ ਦਾਤੇ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡਿਜ਼ੀਟਲ ਮਾਧਿਅਮ ਅਤੇ ਹੋਰ ਤਕਨੀਕਾਂ ਦੀ ਵਰਤੋਂ ਨਾਲ ਅੱਤਵਾਦੀਆਂ ਦੀ ਰਣਨੀਤੀ ਪਹਿਲਾਂ ਤੋਂ ਜ਼ਿਆਦਾ ਉਲਝਣਬਾਜ਼ੀ ਵਾਲੀ ਹੋ ਗਈ ਹੈ | ਅਜਿਹੇ 'ਚ ਸੁਰੱਖਿਆ ਏਜੰਸੀਆਂ ਨੂੰ ਆਪਣੀ ਕਾਰਜ-ਪ੍ਰਣਾਲੀ ਨੂੰ ਸਮੇਂ ਅਨੁਸਾਰ ਅੱਪਗ੍ਰੇਡ ਕਰਨਾ ਹੋਵੇਗਾ | ਹਰਿਆਣਾ ਦੇ ਡੀ. ਜੀ. ਪੀ. ਸ਼ਤਰੂਜੀਤ ਕਪੂਰ ਨੇ ਮੀਟਿੰਗ ਦੌਰਾਨ ਸੂਬਾ ਪੱਧਰੀ ਤਿਆਰੀਆਂ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬੇ 'ਚ 53 'ਸਪੈਸ਼ਲ ਵੈਪਨਸ ਐਂਡ ਟੈਕਟਿਕਸ' (ਸਵੈਟ) ਟੀਮਾਂ ਤਾਇਨਾਤ ਹਨ, ਜੋ ਹਿੰਸਕ ਜਾਂ ਐਮਰਜੈਂਸੀ ਹਾਲਾਤਾਂ 'ਚ ਮੁਢਲੀ ਪ੍ਰਤੀਕਿਰਿਆ ਦੇ ਰੂਪ 'ਚ ਕੰਮ ਕਰਦੀਆਂ ਹਨ | ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਪੁਲਿਸ ਮੁਲਜ਼ਮਾਂ ਨੂੰ ਉੱਨਤ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਡੀ. ਜੀ. ਪੀ. ਕਪੂਰ ਨੇ ਅੱਗੇ ਕਿਹਾ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਦਾ ਗੱਠਜੋੜ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ, ਜਿਸ ਨਾਲ ਨਿਪਟਣ ਲਈ ਸਮਰੱਥਾ ਨਿਰਮਾਣ ਜ਼ਰੂਰੀ ਹੈ | ਮੀਡੀਆ 'ਚ ਅਪਰਾਧੀਆਂ ਦੇ ਨਾਂਅ ਅਤੇ ਤਸਕਰਾਂ ਦੇ ਪ੍ਰਚਾਰ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹ ਮਿਲਦਾ ਹੈ, ਜਿਸ ਨਾਲ ਨੌਜਵਾਨਾਂ ਦੀ ਸੋਚ ਪ੍ਰਭਾਵਿਤ ਹੁੰਦੀ ਹੈ | ਇਸ ਸਮੱਸਿਆ ਨਾਲ ਨਿਪਟਣ ਲਈ ਹਰਿਆਣਾ ਵਿਧਾਨ ਸਭਾ ਨੇ ਮੀਡੀਆ ਨੂੰ ਬੇਨਤੀ ਕਰਦੇ ਹੋਏ ਇਕ ਵਿਸ਼ੇਸ਼ ਪ੍ਰਸਤਾਵ ਵੀ ਪਾਸ ਕੀਤਾ ਹੈ | ਉਨ੍ਹਾਂ ਗੁਆਂਢੀ ਸੂਬਿਆਂ ਜਿਵੇਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੇ ਸੂਬੇ 'ਚ ਮੀਡੀਆ ਪਲੇਟਫਾਰਮਾਂ ਨੂੰ ਵੀ ਅਜਿਹਾ ਕਰਨ ਸੰਬੰਧੀ ਪ੍ਰੇਰਿਤ ਕਰਨ | ਐਨ. ਐਸ. ਜੀ. ਦੇ ਡਾਇਰੈਕਟਰ ਜਨਰਲ ਬੀ. ਸ੍ਰੀਨਿਵਾਸਨ ਨੇ ਸੰਯੁਕਤ ਅੱਤਵਾਦੀ ਵਿਰੋਧੀ ਪ੍ਰਤੀਕਿਰਿਆ ਵਿਸ਼ੇ ਉਤੇ 'ਪਾਵਰ ਪੁਆਇੰਟ ਪ੍ਰੈਜ਼ੇਟੇਸ਼ਨ' ਦਿੰਦਿਆਂ ਦੱਸਿਆ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ 'ਚ ਵੱਖ-ਵੱਖ ਪੱਧਰ 'ਤੇ ਸਿਖਲਾਈ ਸੈਸ਼ਨ ਅਤੇ ਅਭਿਆਸ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਹਰਿਆਣਾ 'ਚ 609 ਕਰਮਚਾਰੀਆਂ, ਹਿਮਾਚਲ ਪ੍ਰਦੇਸ਼ 'ਚ 560 ਕਰਮਚਾਰੀਆਂ ਅਤੇ ਚੰਡੀਗੜ੍ਹ 'ਚ 261 ਕਰਮਚਾਰੀਆਂ ਨੂੰ ਬੰਬ ਨਿਰੋਧਕ ਤਕਨੀਕ, ਟੈਕਨੀਕਲ ਡਰਾਈਵਿੰਗ, ਕਸਟਮਾਈਜਡ ਕਾਊਾਟਰ ਟੈਰਰ ਕੈਪਸੂਲ, ਫਸਟ ਰਿਸਪਾਂਸ ਟ੍ਰੇਨਿੰਗ ਅਤੇ ਕੌਮੀ ਪੱਧਰ ਦੇ ਸੰਯੁਕਤ ਅਭਿਆਸਾਂ 'ਚ ਟ੍ਰੇਨਿੰਗ ਦੇ ਕੇ ਟਰੈਂਡ ਕੀਤਾ ਜਾ ਚੁੱਕਾ ਹੈ | ਮੀਟਿੰਗ 'ਚ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ, ਚੰਡੀਗੜ੍ਹ ਦੇ ਡੀ. ਜੀ. ਪੀ. ਡਾ. ਸਾਗਰ ਪ੍ਰੀਤ ਹੁੱਡਾ ਅਤੇ ਹਿਮਾਚਲ ਪ੍ਰਦੇਸ਼ ਦੇ ਏ. ਡੀ. ਜੀ. ਪੀ. ਗਿਆਨੇਸ਼ਵਰ ਸਿੰਘ ਨੇ ਵੀ ਆਪੋ ਆਪਣੇ ਸੂਬਿਆਂ ਦੇ ਅਨੁਭਵ ਸਾਂਝੇ ਕੀਤੇ ਗਏ | ਇਸ ਤੋਂ ਇਲਾਵਾ ਐਨ. ਆਈ. ਏ. ਦੇ ਆਈ. ਜੀ. ਵਿਜੇ ਸਾਖਰੇ, ਹਰਿਆਣਾ ਸੀ. ਆਈ. ਡੀ. ਦੇ ਆਈ. ਜੀ. ਮਨੀਸ਼ ਚੌਧਰੀ ਅਤੇ ਐਸ. ਟੀ. ਐਫ. ਹਰਿਆਣਾ ਦੇ ਆਈ. ਜੀ. ਸਤੀਸ਼ ਬਾਲਨ ਨੇ ਵੀ 'ਪ੍ਰੈਜ਼ੇਟੇਸ਼ਨ' ਰਾਹੀਂ ਅੱਤਵਾਦ ਅਤੇ ਸੰਗਠਿਤ ਅਪਰਾਧਾਂ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਰੱਖੇ |

ਪਿਛਲੀ ਖ਼ਬਰ ਪਹਿਲੀ ਵਾਰ ਸਕੂਲ ਅਧਿਆਪਕਾਂ ਦੀ ਗਿਣਤੀ 1 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ <br/> ਅਗਲੀ ਖ਼ਬਰ ਗੁਰਦਾਸਪੁਰ ਦੇ ਕਈ ਪਿੰਡ ਪਾਣੀ ਦੀ ਲਪੇਟ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।