ਮੁਕੇਰੀਆਂ, 29 ਅਗਸਤ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਐਨ.ਐੱਸ.ਐੱਸ. ਵਲੋਂ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਖੇਡ ਦਿਵਸ ਮਨਾਇਆ ਗਿਆ | ਇਸ ਸਮਾਗਮ ਵਿਚ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਅਤੇ ਸਾਰੇ ਖਿਡਾਰੀਆਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਅਤੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਸ.ਪੀ.ਐਨ. ਕਾਲਜ ਸ਼ੁਰੂ ਤੋਂ ਹੀ ਖੇਡ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ ਹੈ | ਕਾਲਜ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਪੱਧਰ ਅਤੇ ਹੋਰ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਤੇ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਅਤੇ ਸਮੁੱਚੇ ਮੁਕੇਰੀਆਂ ਖੇਤਰ ਦਾ ਨਾਂਅ ਰੌਸ਼ਨ ਕਰਦੇ ਆ ਰਹੇ ਹਨ | ਸ਼ਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਚੰਦਰ ਸ਼ੇਖਰ ਨੇ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਦਾ ਖੇਡ ਗਤੀਵਿਧੀਆਂ ਵਿਚ ਅਤੇ ਸਮੇਂ-ਸਮੇਂ 'ਤੇ ਖਿਡਾਰੀਆਂ ਨੂੰ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਕਾਲਜ ਵਿਚ ਯੋਗ, ਸ਼ਤਰੰਜ, ਪਲੈਂਕ, ਪੁਸ਼-ਅੱਪ ਆਦਿ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਇਸ ਦੌਰਾਨ ਕਾਲਜ ਸਪੋਰਟਸ ਕਮੇਟੀ ਦੇ ਇੰਚਾਰਜ ਡਾ. ਅਸ਼ੋਕ ਚੌਧਰੀ, ਐਨ.ਐੱਸ.ਐੱਸ. ਇੰਚਾਰਜ ਡਾ. ਸੋਨੀਆ ਸ਼ਰਮਾ, ਡਾ. ਜਸਮਿੰਦਰ ਸਿੰਘ ਅਤੇ ਪ੍ਰੋ. ਬਿਕਰਮਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |