ਹੁਸ਼ਿਆਰਪੁਰ, 30 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੁਲਿਸ ਲਾਇਨਜ਼ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਦੇਖ-ਰੇਖ ਅਤੇ ਡਾ. ਆਸ਼ੀਸ਼ ਮੇਹਨ ਮੈਡੀਕਲ ਅਫਸਰ, ਜਿਲ੍ਹਾ ਪੁਲਿਸ ਹੁਸ਼ਿਆਰਪੁਰ ਦੀ ਅਗਵਾਈ ਹੇਠ ਇਕ ਮੈਗਾ ਹੈਲਥ ਕੇਅਰ ਕੈਂਪ ਲਗਾਇਆ ਗਿਆ | ਇਹ ਕੈਂਪ ਵਰਧਮਾਨ ਯਾਰਨਜ਼ ਐਂਡ ਥਰੇਡਜ਼ ਲਿਮਿਟਡ, ਹੁਸ਼ਿਆਰਪੁਰ ਦੇ ਸੀ ਐਸ ਆਰ ਦੇ ਸਹਿਯੋਗ ਅਤੇ ਵਰਲਡ ਕੈਂਸਰ ਕੇਅਰ ਐਨ.ਜੀ.ਓ ਦੇ ਸਾਂਝੇ ਯਤਨਾਂ ਨਾਲ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਕੀਤਾ | ਦਿਨ ਭਰ ਚੱਲੇ ਇਸ ਕੈਂਪ 'ਚ ਲਗਭਗ 400 ਮਰੀਜ਼ਾਂ ਨੇ ਆਪਣੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਇਆ, ਜਿਨ੍ਹਾਂ 'ਚ ਪੁਲਿਸ ਕਰਮਚਾਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਆਮ ਲੋਕ ਸ਼ਾਮਲ ਸਨ | ਕੈਂਪ ਵਿਚ ਮੁਫ਼ਤ ਜਾਂਚਾਂ ਅਤੇ ਸੇਵਾਵਾਂ ਜਿਸ ਵਿਚ ਕੈਂਸਰ ਅਵੇਰਨੈਸ ਅਤੇ ਸਕ੍ਰੀਨਿੰਗ, ਮੈਮੋਗ੍ਰਾਫੀ, ਬ੍ਰੈਸਟ ਆਈ-ਸਕੈਨ, ਪੈਪ ਸਮੀਅਰ, ਖ਼ੂਨ ਦੀਆਂ ਜਾਂਚਾਂ, ਦੰਦਾਂ ਅਤੇ ਮੂੰਹ ਦੀ ਜਾਂਚ , ਬੋਨ ਮਿਨਰਲ ਡੈਂਸਿਟੀ ਟੈੱਸਟ, ਆਰਥੋ ਕਨਸਲਟੇਸ਼ਨ, ਅੱਖਾਂ ਦੀ ਜਾਂਚ ਅਤੇ ਆਮ ਸਿਹਤ ਜਾਂਚ ਆਦਿ ਸ਼ਾਮਿਲ ਸਨ, ਦੀਆਂ ਸੇਵਾਵਾਂ ਦੇ ਨਾਲ-ਨਾਲ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ | ਵਰਧਮਾਨ ਗਰੁੱਪ ਵੱਲੋਂ ਆਈ.ਐਮ.ਜੇ.ਐਸ. ਸਿੱਧੂ ਪ੍ਰਧਾਨ ਡਾਇਰੈਕਟਰ-ਇੰਚਾਰਜ, ਤਰੁਣ ਚਾਵਲਾ ਡਾਇਰੈਕਟਰ-ਫਾਈਨੈਂਸ ਐਡਮਿਨਿਸਟਰੇਸ਼ਨ ਅਤੇ ਪਰਦੀਪ ਦਾਦਵਾਲ ਐਡਵਾਈਜ਼ਰ - ਸੁਰੱਖਿਆ ਨੇ ਸ਼ਮੂਲੀਅਤ ਕੀਤੀ | ਵਰਲਡ ਕੈਂਸਰ ਕੇਅਰ ਐਨ.ਜੀ.ਓ ਦੇ ਡਾ. ਧਰਮਿੰਦਰ ਢਿੱਲੋਂ ਮੈਨੇਜਿੰਗ ਡਾਇਰੈਕਟਰ ਦੀ ਅਗਵਾਈ ਹੇਠ 25 ਮੈਂਬਰੀ ਡਾਕਟਰੀ ਟੀਮ ਨੇ ਪੂਰਾ ਸਹਿਯੋਗ ਦਿੱਤਾ | ਆਖ਼ਰੀ ਵਿਚ ਡਾ. ਆਸ਼ੀਸ਼ ਮੇਹਨ ਨੇ ਸਭ ਦਾ ਧੰਨਵਾਦ ਕੀਤਾ |