15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਟੁੱਟੀਆਂ ਸੜਕਾਂ ਨੂੰ ਲੱਗ ਰਹੇ ਨੇ ਭੱਠੇ ਦੀ ਕੇਰੀ ਦੇ ਪੈਂਚਰ <br/>

ਅਜੀਤ ਡੈਸਕ 31-08-2025
ਜਗਰਾਉਂ, 30 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ-ਰਾਏਕੋਟ ਰੋਡ ਦੀ ਹਾਲਤ ਅਤਿ ਖ਼ਸਤਾ ਹੋਣ ਕਾਰਨ ਇਸ ਸੜਕ ਤੋਂ ਦੀ ਲੰਘਣ ਵਾਲੇ ਰਾਹਗੀਰ ਹਾਲੋਂ-ਮੁਹਾਲ ਹੋਏ ਪਏ ਹਨ | ਇੱਥੇ ਇਹ ਦੱਸਣਯੋਗ ਹੈ ਕਿ ਸ਼ਹਿਰ ਵਿਚ ਪਾਣੀ ਦੀ ਸੁਵਿਧਾ ਲਈ ਅਖਾੜਾ ਨਹਿਰ ਤੋਂ ਪਾਏ ਪਾਇਪਾਂ ਤੋਂ ਬਾਅਦ ਪੁੱਟੀ ਸੜਕ ਨੇ ਜਗਰਾਉਂ-ਰਾਏਕੋਟ ਰੋਡ ਨੂੰ ਉੱਗੜ-ਦੁਗੜਾ ਕਰ ਦਿੱਤਾ | ਜਿਸ ਨਾਲ ਆਵਾਜਾਈ ਬੇਹੱਦ ਪ੍ਰਭਾਵਿਤ ਹੋ ਰਹੀ ਹੈ, ਉੱਥੇ ਨਾਲ ਹੀ ਇਸ ਰੋਡ ਦੀ ਸੜਕ ਦੇ ਕਿਨਾਰੇ 'ਤੇ ਲੱਗੀਆਂ ਇੰਟਰਲਾਕਿੰਗ ਟਾਈਲਾਂ ਵੀ ਉੱਖੜ ਚੁੱਕੀਆਂ ਹਨ | ਹਾਲਾਂਕਿ ਨਗਰ ਸੁਧਾਰ ਸਭਾ ਵਲੋਂ ਲਾਏ ਧਰਨੇ ਤੋਂ ਬਾਅਦ ਇੰਨ੍ਹਾਂ ਟਾਈਲਾਂ ਨੂੰ ਲਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ, ਉੱਥੇ ਹੀ ਧੀਮੀ ਰਫ਼ਤਾਰ ਨਾਲ ਚੱਲ ਰਹੇ ਇਸ ਕੰਮ ਨੇ ਨਗਰ ਕੌਂਸਲ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਇਸ ਦੇ ਨਾਲ ਹੀ ਮੁਹੱਲਾ ਗਾਂਧੀ ਨਗਰ ਅੱਗੇ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਇਸ ਥਾਂ ਪਏ ਡੂੰਘੇ-ਡੰਘੇ ਟੋਇਆਂ 'ਚ ਲੰਘੇ ਦਿਨੀਂ ਹੋਈ ਬਰਸਾਤ ਤੋਂ ਬਾਅਦ ਪਾਣੀ ਖੜ੍ਹ ਜਾਂਦਾ ਹੈ ਤੇ ਰਾਹਗੀਰਾਂ ਦਾ ਲੰਘਣਾ ਮੁਹਾਲ ਹੋ ਜਾਂਦਾ ਹੈ | ਇਸ ਟੁੱਟੀ ਸੜਕ 'ਤੇ ਸਫ਼ਰ ਕਰਨਾ ਜ਼ੋਖ਼ਮ ਤੋਂ ਖ਼ਾਲੀ ਨਹੀਂ ਹੈ | ਇੰਨ੍ਹਾਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਕਿ ਕਈ ਵਾਰ ਆਮ ਲੋਕ ਛੋਟੇ-ਮੋਟੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਇਸ ਸੜਕ 'ਤੇ ਬਜ਼ੁਰਗ ਲੋਕਾਂ ਦਾ ਲੰਘਣਾਂ ਤਾਂ ਖ਼ਤਰੇ ਤੋਂ ਖਾਲੀ ਨਹੀਂ ਹੈ | ਇਸ ਸੜਕ ਦੀ ਬਦਤਰ ਹਾਲਾਤ ਵੱਲ ਨਗਰ ਕੌਂਸਲ ਦੇ ਅਧਿਕਾਰੀ ਵੀ ਧਿਆਨ ਨਹੀਂ ਦੇ ਰਹੇ | ਇਸ ਦੇ ਨਾਲ ਹੀ ਬਰਸਾਤਾਂ ਦੇ ਚੱਲਦਿਆਂ ਇਸ ਸੜਕ 'ਤੇ ਖੜ੍ਹੇ ਮੀਂਹ ਦੇ ਪਾਣੀ ਨਾਲ ਮੱਛਰ ਪੈਦਾ ਹੋ ਜਾਂਦਾ ਹੈ | ਇਹ ਮੱਛਰ ਅਤੇ ਇਸ ਪਾਣੀ ਦੀ ਗੰਦੀ ਬਦਬੋ ਅਨੇਕਾਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸੜਕ ਜਗਰਾਉਂ ਰਾਹੀਂ ਮਾਲਵਾ ਨੂੰ ਦੁਆਬੇ ਨਾਲ ਜੋੜਦੀ ਹੈ ਤੇ ਸਤਲੁਜ ਦਰਿਆ ਦੇ ਪੁਲ ਰਾਹੀਂ ਇਸ ਰਸਤੇ ਜਲੰਧਰ, ਬਿਆਸ ਤੇ ਸ੍ਰੀ ਅੰਮਿ੍ਤਸਰ ਸਾਹਿਬ ਜਾਣ ਵਾਲੀਆਂ ਸੰਗਤਾਂ ਦਾ ਵੱਡੀ ਗਿਣਤੀ ਵਿਚ ਆਉਣ-ਜਾਣ ਬਣਿਆ ਹੋਇਆ ਹੈ | ਹੁਣ ਜਦੋਂ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਦੀ ਬਰਸੀ ਸਮਾਗਮ ਲੰਘ ਕੇ ਗਏ ਹਨ ਤਾਂ ਉਸ ਵੇਲੇ ਇਸ ਸੜਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਇਸ ਸੜਕ ਰਸਤੇ ਨਾਨਕਸਰ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਤੇ ਲੱਖਾਂ ਵਿਚ ਅੱਪੜ ਜਾਂਦੀ ਹੈ | ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਜਗਰਾਉਂ ਤੇ ਕੰਵਲਜੀਤ ਖੰਨਾਂ ਨੇ ਆਖਿਆ ਕਿ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੈ, ਪ੍ਰੰਤੂ ਸਰਕਾਰ ਵਿਕਾਸ ਦੇ ਝੂਠੇ ਦਮਗਜ਼ੇ ਮਾਰ ਰਹੀ ਹੈ, ਜਦਕਿ ਹਕੀਕਤ ਵਿਚ 'ਆਪ' ਦੇ ਬੋਝੇ ਵਿਚ ਨਿਆਣਿਆਂ ਨੂੰ ਚੁੱਪ ਕਰਵਾਉਣ ਜੋਗੀ ਭਾਨ ਵੀ.ਨਹੀ ਹੈ | ਆਗੂਆਂ ਨੇ ਆਖਿਆ ਕਿ ਨਗਰ ਕੌਂਸਲ ਦੇ ਈ.ਓ. ਨੇ ਸ਼ਹਿਰ ਦਾ ਭੱਠਾ ਗੁੱਲ ਕੀਤਾ ਹੋਇਆ ਹੈ | ਉਨ੍ਹਾਂ ਆਖਿਆ ਕਿ ਏ.ਡੀ.ਸੀ. ਕੁੱਲਪ੍ਰੀਤ ਸਿੰਘ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮੀਟਿੰਗ ਹੋਈ ਹੈ, ਜਿਸ ਵਿਚ ਮੁੱਢਲੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ | ਉਨ੍ਹਾਂ ਆਖਿਆ ਕਿ ਜੇਕਰ ਇਹ ਭਰੋਸਾ ਇਸ ਵਾਰ ਵੀ ਬਰਕਰਾਰ ਨਾ ਰਿਹਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ.ਓ. ਸੁਖਦੇਵ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਏਕੋਟ ਦੇ ਥਾਣਿਆਂ 'ਚ ਮੁਨਸ਼ੀਆਂ ਦੀਆਂ ਬਦਲੀਆਂ ਸੰਬੰਧੀ ਚਰਚਾਵਾਂ ਚਾਰ-ਚੁਫ਼ੇਰੇ ਅਗਲੀ ਖ਼ਬਰ ਬਦਲਾਅ ਵਾਲੀ ਮਾਨ ਸਰਕਾਰ ਹੜ੍ਹ ਪੀੜ੍ਹਤ ਕਿਸਾਨਾਂ ਦੇ ਸਹਿਕਾਰੀ ਤੇ ਦੂਜੀਆਂ ਬੈਂਕਾਂ ਤੋਂ ਲਏ ਗਏ ਕਰਜ਼ਿਆਂ ਨੂੰ ਤੁਰੰਤ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।