15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਧਾਨ ਸਭਾ ਹਲਕਾ ਰਾਏਕੋਟ ਦੇ ਥਾਣਿਆਂ 'ਚ ਮੁਨਸ਼ੀਆਂ ਦੀਆਂ ਬਦਲੀਆਂ ਸੰਬੰਧੀ ਚਰਚਾਵਾਂ ਚਾਰ-ਚੁਫ਼ੇਰੇ

ਅਜੀਤ ਡੈਸਕ 31-08-2025
ਥਾਣਾ ਸੁਧਾਰ 'ਚ ਨਵੇਂ ਮੁੱਖ ਮੁਨਸ਼ੀ ਨੂੰ ਨਹੀਂ ਆਉਣ ਦਿੱਤਾ, ਪੁਰਾਣੇ ਨੂੰ ਮੁੜ ਬਿਠਾਇਆ
ਗੁਰੂਸਰ ਸੁਧਾਰ, 30 ਅਗਸਤ (ਜਗਪਾਲ ਸਿੰਘ ਸਿਵੀਆਂ)-ਪੰਜਾਬ ਵਿਚ ਸਿਆਸੀ ਦਖ਼ਲਅੰਦਾਜ਼ੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਆਪਣੇ ਹੀ ਨੇਤਾਵਾਂ ਦੇ ਹੱਥਾਂ ਵਿਚ ਖੇਡ ਰਹੀ ਹੈ | ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੁਧਾਰ ਵਿਚ ਤਾਇਨਾਤ ਮੁੱਖ ਮੁਨਸ਼ੀ ਦੀ ਬਦਲੀ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ | ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਨੇ 27 ਅਗਸਤ ਨੂੰ ਜਾਰੀ ਹੁਕਮਾਂ ਵਿਚ ਮੁੱਖ ਮੁਨਸ਼ੀ ਗੁਰਿੰਦਰ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਸਦਰ ਰਾਏਕੋਟ ਭੇਜ ਕੇ ਗੁਰਪ੍ਰੀਤ ਸਿੰਘ ਨੂੰ ਥਾਣਾ ਸੁਧਾਰ ਵਿਚ ਨਵਾਂ ਮੁੱਖ ਮੁਨਸ਼ੀ ਲਾਇਆ ਸੀ | ਪਰ ਤਿੰਨ ਦਿਨਾਂ ਵਿਚ ਹੀ ਇਹ ਹੁਕਮ ਪਲਟ ਗਏ ਅਤੇ ਪੁਰਾਣੇ ਮੁਨਸ਼ੀ ਨੂੰ ਮੁੜ ਤਾਇਨਾਤ ਕਰ ਦਿੱਤਾ ਗਿਆ | ਵਿਭਾਗੀ ਸੂਤਰਾਂ ਅਨੁਸਾਰ, ਇਸ ਪਿੱਛੇ ਬਲਾਕ ਸੁਧਾਰ ਦੇ ਇਕ ਪ੍ਰਭਾਵਸ਼ਾਲੀ ਆਮ ਆਦਮੀ ਪਾਰਟੀ (ਆਪ) ਨੇਤਾ ਦੀ ਦਖਲਅੰਦਾਜ਼ੀ ਹੈ, ਜਿਸ ਨੂੰ ਨਵਾਂ ਮੁਨਸ਼ੀ ਰਾਸ ਨਹੀਂ ਆਇਆ | ਇਹ ਮਾਮਲਾ ਪੰਜਾਬ ਪੁਲਿਸ ਵਿਚ ਸਿਆਸੀ ਹਸਤਕਸ਼ੇਪ ਦੀ ਤਾਜ਼ਾ ਮਿਸਾਲ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਲਿਸ ਨੂੰ ਸਿਆਸੀ ਦਖਲ ਤੋਂ ਮੁਕਤ ਰੱਖਣ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ | ਵਿਧਾਇਕ ਨਾਲ ਜੁੜੇ ਇਸ ਨੇਤਾ ਨੇ ਆਪਣੇ ਪ੍ਰਭਾਵ ਨਾਲ ਬਦਲੀ ਨੂੰ ਰੋਕ ਕੇ ਪੁਲਿਸ ਪ੍ਰਸ਼ਾਸਨ ਨੂੰ ਝੁਕਾ ਦਿੱਤਾ | ਅੱਜ 30 ਅਗਸਤ ਨੂੰ ਐੱਸ.ਐੱਸ.ਪੀ. ਵਲੋਂ ਜਾਰੀ ਨਵੇਂ ਪੱਤਰ ਨੰਬਰ 47047-99 ਵਿੱਚ ਗੁਰਿੰਦਰ ਸਿੰਘ ਨੂੰ ਮੁੜ ਥਾਣਾ ਸੁਧਾਰ ਵਿਚ ਬਿਠਾ ਦਿੱਤਾ ਗਿਆ ਅਤੇ ਗੁਰਪ੍ਰੀਤ ਸਿੰਘ ਨੂੰ ਵਾਪਸ ਰਾਏਕੋਟ ਭੇਜਿਆ ਗਿਆ | ਇਸ ਨਾਲ ਪੁਲਿਸ ਵਿਭਾਗ ਦੀ ਕਿਰਕਿਰੀ ਹੋਈ ਹੈ ਅਤੇ ਸੱਤ੍ਹਾਧਾਰੀ ਨੇਤਾਵਾਂ ਦੇ ਦਬਾਅ ਦੀ ਚਰਚਾ ਪੂਰੇ ਇਲਾਕੇ ਵਿਚ ਛਿੜੀ ਹੋਈ ਹੈ | ਲੋਕ ਪੁੱਛ ਰਹੇ ਹਨ ਕਿ ਨਵੇਂ ਮੁਨਸ਼ੀ ਨਾਲ ਇਸ ਨੇਤਾ ਦੀ ਕੀ ਨਾਰਾਜ਼ਗੀ ਹੈ ਜੋ ਐੱਸ.ਐੱਸ.ਪੀ ਦੇ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ? ਵਿਰੋਧੀ ਧਿਰਾਂ ਵਲੋਂ ਪਹਿਲਾਂ ਵੀ ਥਾਣਾ ਸੁਧਾਰ ਵਿਚ ਸੱਤ੍ਹਾਧਾਰੀ ਨੇਤਾਵਾਂ ਦੀ ਵੱਡੇ ਪੱਧਰ ਤੇ ਦਖਲਅੰਦਾਜ਼ੀ ਦੇ ਇਲਜ਼ਾਮ ਲੱਗਦੇ ਰਹੇ ਹਨ | ਇਸ ਵਧਦੀ ਸਿਆਸੀ ਦਖ਼ਲ ਨਾਲ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਡਿੱਗ ਰਿਹਾ ਹੈ ਅਤੇ ਸੱਤ੍ਹਾਧਾਰੀ ਆਪਣੀਆਂ ਚੰਮ੍ਹ ਦੀਆਂ ਚਲਾ ਰਹੇ ਹਨ | ਜਦੋਂ ਇਸ ਮਾਮਲੇ ਬਾਰੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਵਿਭਾਗੀ ਕੰਮ ਦੱਸ ਕੇ ਟਾਲ ਦਿੱਤਾ | ਪਰ ਇਲਾਕੇ ਵਿਚ ਚਰਚਾ ਹੈ ਕਿ ਪੁਲਿਸ ਨੂੰ ਸਿਆਸੀ ਦਬਾਅ ਹੇਠ ਝੁਕਣਾ ਪੈ ਰਿਹਾ ਹੈ |
ਪਿਛਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਡੇਂਗੂ ਦੀ ਰੋਕਥਾਮ ਲਈ ਘਰਾਂ ਦੀ ਕੀਤੀ ਗਈ ਚੈਕਿੰਗ ਅਗਲੀ ਖ਼ਬਰ ਟੁੱਟੀਆਂ ਸੜਕਾਂ ਨੂੰ ਲੱਗ ਰਹੇ ਨੇ ਭੱਠੇ ਦੀ ਕੇਰੀ ਦੇ ਪੈਂਚਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।