ਸਿੱਧਵਾਂ ਬੇਟ, 20 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਨਜ਼ਦੀਕ ਜਗਰਾਉਂ-ਨਕੋਦਰ ਮਾਰਗ 'ਤੇ ਬਣੇ ਰੋਹਨ-ਰਾਜਦੀਪ ਟੋਲ ਪਲਾਜ਼ਾ ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵਲੋਂ ਹੋਰ ਹਮਖਿਆਲੀ ਲੋਕਾਂ ਨੂੰ ਲੈ ਕੇ ਟੋਲ ਮੁਫ਼ਤ ਕੀਤੇ ਜਾਣ ਨੂੰ ਭਾਵੇਂ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਟੋਲ ਦਾ ਕੋਈ ਵੀ ਅਧਿਕਾਰੀ ਜਾਂ ਫਿਰ ਸਿਵਲ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ | ਜਿਸ ਨਾਲ ਇਸ ਟੋਲ ਤੋਂ ਲੰਘਣ ਵਾਲੇ ਲੋਕਾਂ ਨੂੰ ਇਕ ਤਰ੍ਹਾਂ ਨਾਲ ਮੌਜਾਂ ਲੱਗੀਆਂ ਹੋਈਆਂ ਹਨ, ਕਿਉਂਕਿ ਇਹ ਮਾਰਗ ਬਲਾਕ ਸਿੱਧਵਾਂ ਬੇਟ ਦੇ ਪਿੰਡ ਸਦਰਪੁਰਾ ਤੋਂ ਲੈ ਕੇ ਨਕੋਦਰ ਤੱਕ ਥਾਂ-ਥਾਂ ਤੋਂ ਟੁੱਟੇ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਮਹਿੰਗਾ ਟੋਲ ਟੈਕਸ ਦੇ ਕੇ ਲੰਘਣਾ ਪੈ ਰਿਹਾ ਸੀ | ਭਾਵੇਂ ਉਕਤ ਜਥੇਬੰਦੀ ਨੇ ਦੋ ਹਫ਼ਤੇ ਪਹਿਲਾਂ ਇਸ ਟੋਲ 'ਤੇ ਰੋਹਿਨ-ਰਾਜਦੀਪ ਟੋਲ ਪਲਾਜ਼ਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੋ ਹਫ਼ਤਿਆਂ ਵਿਚ ਇਸ ਸੜਕ 'ਤੇ ਬਣੇ ਟੋਏ ਨਾ ਭਰੇ ਗਏ ਤਾਂ ਸਾਡੇ ਵਲੋਂ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ | ਉਸ ਸਮੇਂ ਅਧਿਕਾਰੀਆਂ ਨੇ ਤੁਰੰਤ ਟੋਏ ਭਰਨ ਦੀ ਗੱਲ ਕਹੀ ਸੀ, ਪਰ ਅਜੇ ਤੱਕ ਕੋਈ ਸ਼ੁਰੂਆਤ ਨਾ ਹੋਣ ਕਰਕੇ ਜਥੇਬੰਦੀ ਨੇ ਬੀਤੇ ਦਿਨ ਸ਼ਾਮ ਕਰੀਬ ਤਿੰਨ ਵਜੇ ਐੱਸ.ਡੀ.ਐੱਮ. ਨਾਲ ਗੱਲ ਕਰਕੇ ਟੋਲ ਮੁਫ਼ਤ ਕਰ ਦਿੱਤਾ ਸੀ ਜੋ ਲਗਾਤਾਰ ਜਾਰੀ ਹੈ | ਅੱਜ ਦੂਜੇ ਦਿਨ ਫਿਰ ਪੁੱਜੇ ਵੱਖ-ਵੱਖ ਆਗੂਆਂ ਨੇ ਆਖਿਆ ਕਿ ਪਹਿਲਾਂ ਤਾਂ ਅਸੀਂ ਸਿਰਫ਼ ਟੋਏ ਭਰਨ ਦੀ ਗੱਲ ਕਹੀ ਸੀ, ਪਰ ਹੁਣ ਜਿੰਨਾਂ ਚਿਰ ਸਦਰਪੁਰਾ ਤੋਂ ਨਕੋਦਰ ਤੱਕ ਸਾਰੀ ਸੜਕ 'ਤੇ ਪ੍ਰੀਮਿਕਸ ਨਹੀਂ ਪਾਈ ਜਾਂਦੀ, ਉਨ੍ਹਾਂ ਚਿਰ ਅਸੀਂ ਟੋਲ ਮੁਫ਼ਤ ਰੱਖਾਂਗੇ | ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ 10 ਸਾਲਾਂ ਤੋਂ ਇਹ ਸੜਕ ਟੁੱਟਦੀ ਜਾ ਰਹੀ ਹੈ | ਭਾਵੇਂ ਕੰਪਨੀ ਨੇ ਜਗਰਾਉਂ ਤੋਂ ਇਸ ਮਾਰਗ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ, ਪਰ ਕਈ ਮਹੀਨਿਆਂ ਤੋਂ ਉਹ ਪਿੰਡ ਸਦਰਪੁਰਾ ਕੋਲ ਆ ਕੇ ਰੁਕਿਆ ਪਿਆ ਹੈ, ਹੁਣ ਕੰਪਨੀ ਵਾਲੇ ਦੜ ਵੱਟੀ ਬੈਠੇ ਹਨ ਕਿਉਂਕਿ 2027 ਵਿਚ ਉਨ੍ਹਾਂ ਦਾ ਟੈਂਡਰ ਖ਼ਤਮ ਹੋ ਰਿਹਾ ਹੈ | ਕਿਸਾਨ ਆਗੂਆਂ ਨੇ ਹੋਰ ਜਥੇਬੰਦੀਆਂ ਦੇ ਨਾਲ-ਨਾਲ ਇਲਾਕੇ ਦੇ ਲੋਕਾਂ ਨੂੰ ਵੀ ਆਪਣਾ ਸਾਥ ਦੇਣ ਦੀ ਅਪੀਲ ਕੀਤੀ | ਇਸ ਮੌਕੇ ਨਰਿੰਦਰ ਸਿੰਘ ਬਾਜਵਾ, ਪ੍ਰਧਾਨ ਲਖਬੀਰ ਸਿੰਘ, ਤੇਜਿੰਦਰਪਾਲ ਸਿੰਘ ਸਿੱਧੂ, ਸੋਢੀ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਮਹਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਸੁਖਬੀਰ ਸਿੰਘ, ਸਤਬੀਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਬਲਵੰਤ ਸਿੰਘ, ਇਕਬਾਲ ਸਿੰਘ, ਲਾਡੀ ਲਹੌਰੀਆ, ਨਗਿੰਦਰ ਸਿੰਘ, ਗੁਰਮੁੱਖ ਸਿੰਘ, ਪਾਲ ਸਿੰਘ, ਜਗਮੋਹਣ ਸਿੰਘ, ਪਰਮਜੀਤ ਸਿੰਘ, ਬਾਬਾ ਬਲਵੰਤ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਸਿੰਗਾਰਾ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ, ਅਸ਼ੋਕ ਕੁਮਾਰ, ਮੱਖਣ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਭੁਪਿੰਦਰ ਸਿੰਘ, ਮਹਿੰਦਰ ਸਿੰਘ, ਕੇਹਰ ਸਿੰਘ ਆਦਿ ਤੋਂ ਇਲਾਵਾ ਕਈ ਹੋਰ ਕਿਸਾਨ ਵੀਰ ਹਾਜ਼ਰ ਸਨ |