ਹੰਬੜਾਂ, 20 ਸਤੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਮਾਤਾ ਕੌਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ ਹਸਪਤਾਲ ਸੀ.ਐੱਮ.ਸੀ. ਦੀ ਬ੍ਰਾਂਚ ਹੰਬੜਾਂ ਦੀ ਡਾਕਟਰੀ ਟੀਮ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਰਮਨਦੀਪ ਕੌਰ ਔਲਖ ਸੀ.ਐੱਮ.ਓ. ਲੁਧਿਆਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਿਵਲ ਸਰਜਨ ਡਾ. ਰਮਨਦੀਪ ਕੌਰ ਔਲਖ ਲੁਧਿਆਣਾ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਪਾਹਵਾ ਹਸਪਤਾਲ ਹੰਬੜਾਂ ਦਾ ਬੇਟ ਇਲਾਕੇ ਦੇ ਲੋੜਵੰਦ ਲੋਕਾਂ ਦੇ ਇਲਾਜ ਵਿਚ ਵੱਡਾ ਹੱਥ ਹੈ ਕਿਉਂਕਿ ਏਵਨ ਸਾਈਕਲ ਗਰੁੱਪ ਦੇ ਐੱਮ.ਡੀ ਉਂਕਾਰ ਸਿੰਘ ਪਾਹਵਾ, ਮਨਦੀਪ ਸਿੰਘ ਪਾਹਵਾ ਸਮੇਤ ਪਾਹਵਾ ਪਰਿਵਾਰ ਲੋਕਾਂ ਦੀ ਸਹੂਲਤ ਲਈ ਮੁਫ਼ਤ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ | ਸਰਪੰਚ ਚਰਨ ਸਿੰਘ ਗੁਰੂ, ਕੈਪਟਨ ਫਤਹਿ ਸਿੰਘ ਹਾਂਸ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ ਨੇ ਵੀ ਆਪਣੇ ਵਿਚਾਰ ਰੱਖੇ ਤੇ ਪਾਹਵਾ ਚੈਰੀਟੇਵਲ ਹਸਪਤਾਲ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਮੈਨੇਜਰ ਜੋਰਾਵਰ ਸਿੰਘ ਨੇ ਹਸਪਤਾਲ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ | ਐੱਮ.ਡੀ. ਉਂਕਾਰ ਸਿੰਘ ਪਾਹਵਾ, ਮਨਦੀਪ ਸਿੰਘ ਪਾਹਵਾ, ਡਾ. ਜੈਸਮੀਨ ਪਾਹਵਾ, ਪਿ੍ੰਸੀਪਲ ਡਾ. ਸੰਦੀਪ ਸਿੰਘ ਸੈਣੀ, ਡਾ: ਟੀ.ਐੱਸ ਜੁਲਕਾ ਵਲੋਂ ਸੀ.ਐੱਮ.ਓ ਡਾ. ਅਮਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕੈਂਪ ਵਿਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਵੱਡੀ ਗਿਣਤੀ 'ਚ ਪੁੱਜੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਐਨਕਾਂ ਸਮੇਤ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਸੀਨੀਅਰ ਆਗੂ ਜਗਦੇਵ ਸਿੰਘ ਸੋਨੀ ਧਾਲੀਵਾਲ, ਪੰਚ ਗੁਰਚਰਨ ਸਿੰਘ ਬਾਠ, ਪੰਚ ਸੁਖਜੀਤ ਸਿੰਘ ਬਾਠ, ਪੰਚ ਅਜੀਤ ਸਿੰਘ ਢਿੱਲੋਂ, ਦਵਿੰਦਰ ਕੁਮਾਰ ਲਵਲੀ ਸ਼ਰਮਾ ਸਮੇਤ ਪਾਹਵਾ ਹਸਪਤਾਲ ਦੀ ਡਾਕਟਰੀ ਟੀਮ ਤੇ ਹੋਰ ਪਤਵੰਤੇ ਵੀ ਮੌਜੂਦ ਸਨ |