ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਾਖਾ (ਲੁਧਿ:) ਦਾ ਐੱਨ.ਐੱਸ.ਐੱਸ. ਯੂਨਿਟ ਜਿੱਥੇ ਕਾਲਜ ਦੀ ਹਰ ਸਰਗਰਮੀ 'ਚ ਮੋਹਰੀ ਰਹਿੰਦਾ ਹੈ, ਉੱਥੇ ਯੂਨਿਟ ਦੇ ਵਲੰਟੀਅਰ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਅੱਲੇਵਾਲਾ, ਫੱਤੇਵਾਲਾ ਪਿੰਡਾਂ ਦੇ ਲੋਕਾਂ ਲਈ ਸੁੱਕਾ ਰਾਸ਼ਨ, ਤਰਪਾਲਾਂ, ਕੱਪੜੇ, ਬੱਚਿਆਂ ਲਈ ਸੁੱਕਾ ਦੁੱਧ, ਇੱਥੋਂ ਤੱਕ ਕਿ ਕਾਫੀ ਮਾਤਰਾ 'ਚ ਫਸਟ ਏਡ ਵਜੋਂ ਕੰਮ ਆਉਣ ਵਾਲੀਆਂ ਦਵਾਈਆਂ ਇਕੱਤਰ ਕੀਤੀਆਂ | ਐੱਨ.ਐੱਸ.ਐੱਸ ਯੂਨਿਟ ਦੀ ਵਲੰਟੀਅਰ ਟੀਮ ਨੂੰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਰਵਾਨਾ ਕਰਨ ਸਮੇਂ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਕਿਹਾ ਕਿ ਸਾਡੇ ਕਾਲਜ ਦੀ ਐੱਨ.ਐੱਸ.ਐੱਸ ਯੂਨਿਟ ਟੀਮ ਹਮੇਸ਼ਾਂ ਸਰਗਰਮ ਰਹੀ ਹੈ | ਪ੍ਰਧਾਨ ਸੇਖੋਂ ਨੇ ਦੱਸਿਆ ਕਿ ਅਧਿਆਪਕਾਂ ਦੇ ਉੱਦਮ ਨਾਲ ਸਮੁੱਚੇ ਵਿਦਿਆਰਥੀਆਂ ਵਲੋਂ ਹੜ੍ਹ ਪੀੜਤਾਂ ਲਈ ਥੋੜਾ-ਥੋੜਾ ਚੰਦਾ ਇਕੱਤਰ ਕਰਕੇ ਵੱਡੀ ਰਾਸ਼ੀ ਜਮਾਂ ਕਰ ਲਈ ਗਈ | ਇਸ ਧਨ ਦਾ ਹੜ੍ਹ ਪੀੜਤਾਂ ਲਈ ਸਾਜੋ ਸਾਮਾਨ ਖ਼ਰੀਦਿਆ, ਹੁਣ ਇਹ ਵਿਦਿਆਰਥੀ ਆਪਣੇ ਹੱਥੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਹੜ੍ਹ ਪੀੜਤਾਂ ਨੂੰ ਘਰ-ਘਰ ਜਾ ਕੇ ਸਹਾਇਤਾ ਦੇਣਗੇ | ਐੱਨ.ਐੱਸ.ਐੱਸ ਵਲੰਟੀਅਰਾਂ ਟੀਮ ਨੂੰ ਰਵਾਨਾ ਕਰਨ ਸਮੇਂ ਕੈਂਪਸ ਡਾਇਰੈਕਟਰ ਡਾ: ਮਨੂਦੀਪ ਕੌਸ਼ਲ, ਪ੍ਰੋ: ਐੱਸ.ਐੱਸ ਢਿੱਲੋਂ ਤੇ ਹੋਰ ਮੌਜੂਦ ਸਨ |