ਨਵਾਂਸ਼ਹਿਰ, 29 ਅਗਸਤ (ਹਰਮਿੰਦਰ ਸਿੰਘ ਪਿੰਟੂ)-ਟੀਚਰ ਕਾਲੋਨੀ 'ਚ ਸ੍ਰੀ ਗਣਪਤੀ ਉਤਸਵ ਕਮੇਟੀ ਵਲੋਂ 13ਵਾਂ ਵਿਸ਼ਾਲ ਗਣੇਸ਼ ਉਤਸਵ 31 ਅਗਸਤ ਤੱਕ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਸ਼ੁੱਕਰਵਾਰ ਦੁਪਹਿਰ ਤੇ ਵੀਰਵਾਰ ਦੇਰ ਸ਼ਾਮ ਨੂੰ ਗਣਪਤੀ ਜੀ ਦੇ ਦਰਬਾਰ ਵਿਚ ਮੱਥਾ ਟੇਕਣ ਲਈ ਲੋਕਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ | ਪ੍ਰੋਗਰਾਮ ਦੇ ਕਾਰਨ ਵੀਰਵਾਰ ਦੇਰ ਸ਼ਾਮ ਨੂੰ ਪੰਡਿਤ ਸੰਦੀਪ ਸ਼ਾਸਤਰੀ ਨੇ ਮੁੱਖ ਮੇਜ਼ਬਾਨ ਸੰਜੀਵ ਗਾਬਾ ਪਰਿਵਾਰ ਨੂੰ ਰਸਮੀ ਪੂਜਾ ਕਰਨ ਲਈ ਬੁਲਾਇਆ | ਇਸ ਤੋਂ ਬਾਅਦ ਰੋਪੜ ਦੇ ਭਜਨ ਗਾਇਕ ਸਰਬਜੀਤ ਮੱਟੂ ਨੇ ਧਾਰਮਿਕ ਗੀਤਾਂ ਨਾਲ ਸਭ ਨੂੰ ਨੱਚਣ ਲਾ ਦਿੱਤਾ | ਇਸ ਦੌਰਾਨ ਸਮਾਗਮ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ 11 ਇਨਾਮ ਵੰਡੇ ਗਏ | ਪ੍ਰਬੰਧਕਾਂ ਰਾਜ ਕੁਮਾਰ ਸੋਂਧੀ, ਸ਼ੰਕਰ ਸ਼ਿੰਦੇ, ਡਾ. ਹਰਕੇਸ਼ ਸਨੇਹੀ, ਵਿਵੇਕ ਤੇ ਸੰਜੀਵ ਗਾਬਾ ਨੇ ਦੱਸਿਆ ਕਿ ਡਾ. ਅਰਜੁਨ ਸਹਿਗਲ ਦੀ ਨਿਗਰਾਨੀ ਹੇਠ 30 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਦੁਪਹਿਰ ਨੂੰ ਔਰਤਾਂ ਭਗਵਾਨ ਗਣੇਸ਼ ਦਾ ਗੁਣਗਾਨ ਕਰਨਗੀਆਂ ਤੇ 30 ਅਗਸਤ ਨੂੰ ਡਾ. ਹਰਕੇਸ਼ ਸਨੇਹੀ ਭਗਵਾਨ ਗਣੇਸ਼ ਦਾ ਗੁਣਗਾਨ ਕਰਨਗੇ |