ਨਵਾਂਸ਼ਹਿਰ, 30 ਅਗਸਤ (ਹਰਮਿੰਦਰ ਸਿੰਘ ਪਿੰਟੂ) - 15 ਅਗਸਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ 'ਚ ਭਾਰਤ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਜੀ.ਐਸ.ਟੀ ਦਰਾਂ ਘਟਾ ਕੇ ਭਾਰਤੀ ਲੋਕਾਂ ਨੂੰ ਸੁਗਾਤ ਦਿੱਤੀ ਜਾਵੇਗੀ | ਇਸ ਸੰਬੰਧੀ ਵਪਾਰਕ ਅਦਾਰਿਆਂ ਨਾਲ ਗੱਲਬਾਤ ਕਰਦੇ ਵਪਾਰੀਆਂ ਨੇ ਆਖਿਆ ਕਿ ਲੋਕਾਂ ਨੇ ਮੰਗ ਕੀਤੀ ਕਿ ਡੀਜ਼ਲ ਅਤੇ ਪੈਟਰੋਲ ਨੂੰ ਜੀ.ਐਸ.ਟੀ ਦੇ ਦਾਇਰੇ 'ਚ ਲਿਆਂਦਾ ਜਾਵੇ | ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਐਕਸਾਈਜ ਦੀਆਂ ਦਰਾਂ ਜ਼ਿਆਦਾ ਹੋਣ ਕਾਰਨ ਹਰ ਵਰਗ ਦੇ ਲੋਕਾਂ ਦੀ ਜੇਬ 'ਤੇ ਭਾਰੀ ਅਸਰ ਪੈਂਦਾ ਹੈ | ਇਸ ਸਬੰਧੀ ਮਹਿੰਦਰ ਪਾਲ ਸਿੰਘ ਖਾਲਸਾ ਬੀਜ ਸਟੋਰ ਵਾਲਿਆਂ ਨੇ ਆਖਿਆ ਖੇਤੀ ਲਈ ਵਰਤੇ ਜਾਣ ਵਾਲੇ ਕੀਟਨਾਸ਼ਕ, ਉਲੀ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ 'ਤੇ ਭਾਰੀ ਮਾਤਰਾ 'ਚ 18 ਫੀਸਦੀ ਜੀ.ਐਸ.ਟੀ ਬਹੁਤ ਜ਼ਿਆਦਾ ਹੈ | ਕਿਸਾਨਾਂ 'ਤੇ ਆਰਥਿਕ ਬੋਝ ਬਣਦਾ ਹੈ ਕਿਉਂਕਿ ਕਿਸਾਨੀ ਜਿਣਸ ਮਨੁੱਖੀ ਖੁਰਾਕ ਨਾਲ ਸੰਬੰਧਿਤ ਹੈ, ਇਸ ਕਰਕੇ ਇਸ ਨੂੰ ਪੂਰਨ ਤੌਰ 'ਤੇ ਜੀ.ਐਸ.ਟੀ ਮੁਕਤ ਕਰ ਦੇਣਾ ਚਾਹੀਦਾ ਹੈ | ਬਲਦੇਵ ਸਿੰਘ ਸੈਣੀ ਟਾਇਰ ਡੀਲਰ ਨੇ ਦੱਸਿਆ ਕਿ ਜਿਹੜੇ ਟਾਇਰ ਆਵਾਜਾਈ ਅਤੇ ਟਰਾਂਸਪੋਰਟ ਲਈ ਵਰਤੇ ਜਾਂਦੇ ਹਨ, ਉਨ੍ਹਾਂ 'ਤੇ 28 ਫੀਸਦੀ ਜੀ.ਐਸ.ਟੀ ਬਹੁਤ ਜ਼ਿਆਦਾ ਹੈ, ਇਸ ਨੂੰ ਘਟਾਉਣਾ ਜ਼ਰੂਰੀ ਹੈ ਤਾਂ ਜੋ ਢੋਆ ਢੁਆਈ ਦੇ ਸਾਧਨ ਸਸਤੇ ਹੋਣ | ਕਾਰੋਬਾਰੀ ਰਜੇਸ਼ ਭੰਡਾਰੀ ਨੇ ਦੱਸਿਆ ਕਿ ਪਾਈਪਾਂ ਤੇ ਇੰਜਨ ਅਤੇ ਉਸ ਦੇ ਸਪੇਅਰ ਪਾਰਟਸ ਉਪਰ ਟੈਕਸ ਘਟਾਉਣਾ ਚਾਹੀਦਾ ਹੈ ਜੋ ਕਿ ਮੌਜੂਦਾ 18 ਫੀਸਦੀ ਹੈ ਜੀ.ਐਸ.ਟੀ ਘਟਾ ਦੇਣੀ ਚਾਹੀਦੀ | ਸੇਵਾ ਮੁਕਤ ਕਾਨੂੰਗੋ ਗੁਰਨੇਕ ਸਿੰਘ ਸ਼ੇਰ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ ਦੇ ਦਾਇਰੇ 'ਚ ਲਿਆਂਦਾ ਜਾਵੇ, ਇਸ ਨਾਲ ਹਰ ਵਰਗ ਦੇ ਲੋਕਾਂ ਨੂੰ ਲਾਭ ਹੋਵੇਗਾ |