ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ-ਸੈਣੀ ਸਲੋਹ
ਅਜੀਤ ਡੈਸਕ
31-08-2025
ਨਵਾਂਸ਼ਹਿਰ, 30 ਅਗਸਤ (ਹਰਮਿੰਦਰ ਸਿੰਘ ਪਿੰਟੂ) - ਪੰਜਾਬ 'ਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ, ਉੱਥੇ ਹੀ ਤੁਰਨ ਫਿਰਨ ਤੋਂ ਅਸਮਰੱਥ ਦਿਵਿਆਂਗ ਵਰਗ ਵੀ ਹੜ੍ਹਾਂ ਦੀ ਲਪੇਟ 'ਚ ਬਹੁਤ ਹੀ ਮੁਸ਼ਕਿਲ ਨਾਲ ਦਿਨ ਕਟੀ ਕਰ ਰਿਹਾ ਹੈ | ਪ੍ਰੰਤੂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਇਸ ਮੁਸ਼ਕਿਲ ਦੌਰ 'ਚ ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗ ਵਿਅਕਤੀਆਂ ਦੀ ਪਛਾਣ ਕਰਕੇ ਸੰਬੰਧਿਤ ਵਿਭਾਗ ਹੋਣ ਨਾਤੇ ਪਹਿਲ ਦੇ ਆਧਾਰ 'ਤੇ ਜ਼ਰੂਰੀ ਕਦਮ ਚੁੱਕਣ ਲਈ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ | ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਜਸਵਿੰਦਰ ਕੁਮਾਰ ਸਲੋਹ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪ੍ਰਭਾਵਿਤ ਦਿਵਿਆਂਗ ਵਿਅਕਤੀਆਂ ਦੀ ਸੀ.ਡੀ.ਪੀ.ਓ ਰਾਹੀਂ ਸ਼ਨਾਖਤ ਕਰਕੇ ਉਨ੍ਹਾਂ ਦੇ ਪੈਨਸ਼ਨ ਖਾਤਿਆਂ ਵਿੱਚ ਘੱਟੋ ਘੱਟ ਪੰਜ ਹਜ਼ਾਰ ਰੁਪਏ ਵਿਸ਼ੇਸ਼ ਪੈਕੇਜ ਦੇ ਤੌਰ 'ਤੇ ਤੁਰੰਤ ਜਾਰੀ ਕੀਤੇ ਜਾਣ ਅਤੇ ਉਨ੍ਹਾਂ ਦੀ ਦੇਖ ਭਾਲ ਲਈ ਸਾਫ਼ ਤੇ ਸੁੱਕੇ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਜਾਵੇ | ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਬਾਬਾ ਜਸਵਿੰਦਰ ਕੁਮਾਰ ਸਲੋਹ ਨੇ ਆਪਣਾ ਮੋਬਾਇਲ ਨੰਬਰ 95923-81108 ਮੀਡੀਆ ਵਿੱਚ ਜਾਰੀ ਕਰਦਿਆਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਮਦਦ ਨਹੀਂ ਮਿਲਦੀ ਤਾਂ ਉਹ ਤੁਰੰਤ ਉਪਰ ਦਿੱਤੇ ਮੋਬਾਇਲ ਨੰਬਰ 'ਤੇ ਸੰਪਰਕ ਕਰ ਸਕਦੇ ਹਨ |