5 ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਭੁੱਖ ਹੜਤਾਲ 'ਤੇ ਬੈਠਣਗੇ ਐਨ.ਪੀ.ਐਸ. ਕਰਮਚਾਰੀ-ਹਰਚਰਨਜੀਤ, ਭੁਪਿੰਦਰ
ਅਜੀਤ ਡੈਸਕ
31-08-2025
ਮੁਕੰਦਪੁਰ, 30 ਅਗਸਤ (ਅਮਰੀਕ ਸਿੰਘ ਢੀਂਡਸਾ)-ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ 'ਤੇ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਸਾਂਝੇ ਤੌਰ 'ਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇਕ ਰੋਜ਼ਾ ਭੁੱਖ ਹੜਤਾਲ ਕਰੇਗੀ | ਇਸੇ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕ ਤੇ ਕਰਮਚਾਰੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਡੀ. ਸੀ ਦਫ਼ਤਰ ਦੇ ਸਾਹਮਣੇ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਭੁੱਖ ਹੜਤਾਲ 'ਤੇ ਬੈਠਣਗੇ ਅਤੇ ਜੇਕਰ ਸਾਡੀ ਮੰਗ ਨੂੰ ਅਣਗੋਲਿਆ ਗਿਆ ਤਾਂ 25 ਨਵੰਬਰ ਨੂੰ ਇਕੱਠ ਦਿੱਲੀ ਵਿਖੇ ਕੀਤਾ ਜਾਵੇਗਾ | ਬਲਾਕ ਕਨਵੀਨਰ ਹਰਚਰਨਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਅਧਿਆਪਕ ਦਿਵਸ 'ਤੇ ਅਧਿਆਪਕਾਂ ਦੇ ਮਾਣ ਸਨਮਾਨ ਦੇ ਫੋਕੇ ਦਾਅਵੇ ਕਰਦੀਆਂ ਹਨ ਪਰ ਅਧਿਆਪਕਾਂ ਦਾ ਮਾਣ ਸਨਮਾਨ ਸਮਾਜਿਕ ਸੁਰੱਖਿਆ ਵਿਚ ਹੈ ਜੋ ਕਿ ਰਾਜ ਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ | ਆਗੂਆਂ ਭੁਪਿੰਦਰ ਸਿੰਘ, ਤੀਰਥ ਰਾਮ ਤੇ ਕੰਵਲ ਕੁਮਾਰ ਨੇ ਕਿਹਾ ਕਿ ਅਧਿਆਪਕ ਦਿਵਸ 'ਤੇ ਪੂਰੇ ਦੇਸ਼ ਵਿਚ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਤੇ ਕਰਮਚਾਰੀ ਭੁੱਖ ਹੜਤਾਲ 'ਤੇ ਬੈਠ ਕੇ ਰਾਜ ਅਤੇ ਕੇਂਦਰ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦੇਣਗੇ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ ਇਸ ਲਈ ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ ਨਾ ਕਿ ਅਧਿਆਪਕ ਦਿਵਸ ਮਨਾ ਕੇ | ਇਸ ਹੜਤਾਲ ਵਿਚ ਬਲਾਕ ਮੁਕੰਦਪੁਰ ਦੇ ਸਮੂਹ ਐਨ. ਪੀ. ਐਸ. ਕਰਮਚਾਰੀ ਭਾਰੀ ਗਿਣਤੀ ਵਿਚ ਭਾਗ ਲੈਣਗੇ |