ਮੁਕੰਦਪੁਰ, 20 ਸਤੰਬਰ (ਅਮਰੀਕ ਸਿੰਘ ਢੀਂਡਸਾ)-ਰਾਸ਼ਟਰੀ ਹਿੰਦੀ ਦਿਵਸ ਮੌਕੇ ਬੀ. ਐੱਲ. ਐੱਮ. ਗਰਲਜ਼ ਕਾਲਜ ਨਵਾਂਸ਼ਹਿਰ ਵਲੋਂ 'ਕਵਿਤਾ ਪਾਠ' ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ | ਮੁਕਾਬਲੇ 'ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੇ ਦੋ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਪਿ੍ੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਇੰਟਰ ਕਾਲਜ ਮੁਕਾਬਲੇ 'ਚ ਬੀ. ਐਸ. ਸੀ. ਸਮੈਸਟਰ ਤੀਸਰਾ ਦੀ ਵਿਦਿਆਰਥਣ ਹਰਲੀਨ ਕੌਰ ਤੇ ਮੰਨਤ ਮਨੀ ਨੇ 'ਕਵਿਤਾ ਪਾਠ' ਮੁਕਾਬਲੇ 'ਚ ਭਾਗ ਲਿਆ | ਹਰਲੀਨ ਕੌਰ ਨੇ ਆਪਣੀ ਕਵਿਤਾ 'ਤੁਮ ਖੂਬਸੂਰਤ ਹੋ' ਰਾਹੀਂ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਪਿਆਰ ਤੇ ਸਤਿਕਾਰ ਕਰਨਾ ਚਾਹੀਦਾ ਹੈ | ਇਸੇ ਤਰ੍ਹਾਂ ਮੰਨਤ ਮਨੀ ਨੇ ਆਪਣੀ ਕਵਿਤਾ 'ਤੁਮ ਹੋ ਤੋ ਪੰਖ ਹੈਂ' ਰਾਹੀਂ ਬੱਚੇ ਦੇ ਜੀਵਨ 'ਚ ਮਾਂ ਦੀ ਭੂਮਿਕਾ ਤੇ ਅਹਿਮੀਅਤ ਨੂੰ ਦੱਸਿਆ | ਇਸ ਮੁਕਾਬਲੇ 'ਚ ਹਰਲੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਮਨਜੀਤ ਸਿੰਘ ਨੇ ਡਾ. ਨਿਰਦੋਸ਼ ਕੌਰ ਤੇ ਮੈਡਮ ਸ਼ਵੇਤਾ ਨੇ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਆ | ਇਸ ਮੌਕੇ ਡਾ. ਆਸ਼ਿਮਾ ਪਾਸੀ, ਪ੍ਰੋ. ਸੁਖਮਿੰਦਰ ਦਾਸ ਬਾਵਾ ਵੀ ਹਾਜ਼ਰ ਸਨ |