ਫ਼ਤਹਿਗੜ੍ਹ ਸਾਹਿਬ, 29 ਅਗਸਤ (ਰਵਿੰਦਰ ਮੌਦਗਿਲ)-ਵਧੀਕ ਸੈਸ਼ਨ ਜੱਜ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਚਾਰ ਸਾਲ ਦੀ ਨਬਾਲਿਗ ਬੱਚੀ ਨਾਲ ਜਬਰ-ਜਨਾਹ ਦੇ ਦੋਸ਼ ਦਾ ਸਾਹਮਣੇ ਕਰ ਰਹੇ ਨੌਜਵਾਨ ਨੂੰ ਪੋਕਸੋ ਐਕਟ ਦੇ ਸੈਕਸ਼ਨ-18 ਤਹਿਤ ਦੋਸ਼ੀ ਕਰਾਰ ਦਿੱਤਾ ਹੈ | ਮਾਨਯੋਗ ਜੱਜ ਨੇ ਦੋਸ਼ੀ ਨੂੰ 60 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜਿਸ ਨੂੰ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ 6 ਮਹੀਨੇ ਵਾਧੂ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਬਿਤਾਉਣੇ ਹੋਣਗੇ | ਫ਼ੈਸਲੇ ਅਨੁਸਾਰ ਜੁਰਮਾਨੇ ਦੀ ਰਾਸ਼ੀ ਵਿਚੋਂ 50 ਹਜ਼ਾਰ ਰੁਪਏ ਬਤੌਰ ਮੁਆਵਜ਼ਾ ਪੀੜਤ ਬੱਚੀ ਦੇ ਬੈਂਕ ਖਾਤੇ ਵਿਚ ਐਫ.ਡੀ. ਦੇ ਰੂਪ ਵਿਚ ਜਮ੍ਹਾ ਕਰਵਾਉਣਾ ਹੋਵੇਗਾ | ਇਸ ਮਾਮਲੇ ਵਿਚ 10 ਜੂਨ 2024 ਨੂੰ ਅਮਲੋਹ ਪੁਲਿਸ ਥਾਣੇ ਵਿਚ 376, 511 ਆਈ.ਪੀ.ਸੀ. ਅਤੇ ਪੋਕਸੋ ਐਕਟ ਦੇ ਸੈਕਸ਼ਨ-6 ਤੇ 18 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ | ਜਿਸ ਵਿਚ ਇਕ ਮਾਂ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਇਕ ਨੌਜਵਾਨ ਨੇ ਉਸ ਦੀ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਕੀਤਾ ਹੈ | ਮਾਨਯੋਗ ਜੱਜ ਨੇ ਕੇਸ ਦੀ ਸੁਣਵਾਈ ਤੋਂ ਬਾਅਦ ਆਪਣੇ ਫ਼ੈਸਲੇ ਵਿਚ ਕਿਹਾ ਕਿ ਮੁਲਜ਼ਮ ਨੇ ਬੱਚੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ, ਇਸ ਦੇ ਲਈ ਉਹ ਪੋਕਸੋ ਐਕਟ ਦੇ ਸੈਕਸ਼ਨ-18 ਅਧੀਨ 10 ਸਾਲ ਕੈਦ ਦੀ ਸਜਾ ਦਾ ਹੱਕਦਾਰ ਹੈ |