ਫ਼ਤਹਿਗੜ੍ਹ ਸਾਹਿਬ, 29 ਅਗਸਤ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਮੰਚ ਦੇ ਵਲੰਟੀਅਰਾਂ ਵਲੋਂ ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ਉਰਸ ਮੌਕੇ ਮਜ਼ਲਿਸ ਅਹਿਰਾਰ ਹਿੰਦ ਇਸਲਾਮ ਦੇ ਮੀਤ ਪ੍ਰਧਾਨ ਸੈਫ਼ ਅਹਿਮਦ ਅਤੇ ਸਈਅਦ ਫਫ਼ਾਦ ਅਹਿਮਦ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ 'ਤੇ 100 ਦੇ ਕਰੀਬ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਡਾ. ਲਾਲ ਨੇ ਕਿਹਾ ਕਿ ਸਾਂਝੇ ਧਾਰਮਿਕ ਸਥਾਨ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹਨ | ਕਿਉਂਕਿ ਧਰਮ ਵੰਡਦਾ ਨਹੀਂ, ਸਗੋਂ ਜੋੜਦਾ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਕਿਸੇ ਵੀ ਧਰਮ ਦਾ ਹੋਵੇ, ਸਭ ਦਾ ਸਾਂਝਾ ਹੁੰਦਾ ਹੈ ਅਤੇ ਆਪਸ ਵਿਚ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਰੁੱਖ ਲਗਾਓ ਮੁਹਿੰਮ ਤਹਿਤ ਬੋਹੜ, ਪਿੱਪਲ, ਨਿੰਮ, ਅੰਬ, ਜਾਮਣ, ਅਮਰੂਦ, ਆਸਥਾਵਾਨ ਅਤੇ ਵਾਤਾਵਰਨ ਲਈ ਲਾਭਦਾਇਕ ਬੂਟੇ ਲਗਾਏ ਗਏ ਹਨ | ਇਸ ਮੌਕੇ 'ਤੇ ਸੁੱਚਾ ਖ਼ਾਨ ਮਹਾਂਦੀਆਂ, ਗੁਰਦੀਪ ਸਿੰਘ ਪ੍ਰਧਾਨ ਵਿਸ਼ਵਕਰਮਾ ਕਾਲੋਨੀ, ਸਈਅਦ ਮੁਹੰਮਦ ਤਾਵੀਰ, ਮੁਹੰਮਦ ਅਲਤਾਫ਼, ਗੁਰਪ੍ਰੀਤ ਸਿੰਘ ਤਲਾਣੀਆਂ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਰਵਿੰਦਰ ਸਿੰਘ ਘੁੰਮਣ, ਸਰਦਾਰਾ ਸਿੰਘ ਰਾਮਦਾਸ ਨਗਰ, ਗੁਰਤੇਜ ਸਿੰਘ, ਗੁਰਦੀਪ ਸਿੰਘ ਭਾਗਨਪੁਰ, ਸਈਅਦ ਫ਼ਫ਼ਾਦ, ਰਾਉਫ ਖ਼ਾਨ ਸਰਹਿੰਦ ਵੀ ਹਾਜ਼ਰ ਸਨ |