ਪਟਿਆਲਾ, 29 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਨੂੰ ਸਵੱਛ ਤੇ ਸਾਫ਼ ਬਣਾਉਣ ਲਈ ਨਗਰ ਨਿਗਮ ਪਟਿਆਲਾ ਵਲੋਂ ਵੱਡਾ ਫ਼ੈਸਲਾ ਕੀਤਾ ਗਿਆ ਹੈ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਸਫ਼ਾਈ ਸੇਵਕ ਤੇ ਸੀਵਰਮੈਨ ਸਿਰਫ਼ ਆਪਣੇ ਮੂਲ ਕੰਮ ਸਫ਼ਾਈ ਅਤੇ ਸੀਵਰ ਸੰਬੰਧੀ ਕਾਰਜਾਂ ਲਈ ਹੀ ਤੈਨਾਤ ਕੀਤੇ ਜਾਣ ਤਾਂ ਕਿ ਸਫ਼ਾਈ ਜਾਂ ਸੀਵਰ ਸੰਬੰਧੀ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਤੋਂ ਪਹਿਲਾ ਹੀ ਬਚਾਅ ਰੱਖਿਆ ਜਾ ਸਕੇ | ਜਿਹੜੇ ਕਰਮਚਾਰੀ ਡਿਊਟੀ ਤੋਂ ਹਟ ਕੇ ਦਫ਼ਤਰਾਂ ਜਾਂ ਅਧਿਕਾਰੀਆਂ ਦੀਆਂ ਕੋਠੀਆਂ ਵਿਚ ਕੰਮ ਕਰ ਰਹੇ ਹਨ, ਨੂੰ ਤੁਰੰਤ ਵਾਪਸ ਨਗਰ ਨਿਗਮ ਦੀ ਮੈਦਾਨੀ ਡਿਊਟੀ 'ਤੇ ਭੇਜਿਆ ਜਾਵੇਗਾ | ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਿਕਮੇ ਨੂੰ ਸਰਕਾਰੀ ਹੁਕਮਾਂ ਦੀ ਪਾਲਨਾ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਸਫ਼ਾਈ ਸੇਵਕ ਤੇ ਸੀਵਰਮੈਨ ਨੂੰ ਉਸ ਦੀ ਜ਼ਿੰਮੇਵਾਰੀ ਅਨੁਸਾਰ ਹੀ ਕੰਮ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਸ਼ਿਕਾਇਤ ਆ ਰਹੀ ਸੀ ਕਿ ਕੁਝ ਕਰਮਚਾਰੀ ਦਫਤਰਾਂ ਜਾਂ ਨਿੱਜੀ ਥਾਵਾਂ 'ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਦੀ ਸਫ਼ਾਈ ਪ੍ਰਭਾਵਿਤ ਹੋ ਰਹੀ ਸੀ, ਹੁਣ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ | ਨਗਰ ਨਿਗਮ ਨੇ ਸੰਬੰਧਿਤ ਸਾਰੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਸਫ਼ਾਈ ਸੇਵਕ ਜਾਂ ਸੀਵਰਮੈਨ ਆਪਣੀ ਡਿਊਟੀ ਤੋਂ ਹੱਟ ਕੇ ਹੋਰ ਥਾਂ ਕੰਮ ਕਰਦਾ ਪਾਇਆ ਗਿਆ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |