ਖਮਾਣੋਂ, 30 ਅਗਸਤ (ਜੋਗਿੰਦਰ ਪਾਲ)-ਪਿਛਲੇ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਭਾਰੀ ਵਰਖਾ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ, ਲਾਚਾਰ ਤੇ ਬੇਸਹਾਰਾ ਹੋਏ ਲੋਕਾਂ ਲਈ ਸੰਤ ਰਾਮਪਾਲ ਵਲੋਂ ਸ਼ੁਰੂ ਕੀਤੇ ਗਏ ਸਹਾਇਤਾ ਕਾਰਜ ਲਗਾਤਾਰ ਜਾਰੀ ਹਨ | ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਖਮਾਣੋਂ ਅਤੇ ਸਤਲੋਕ ਆਸ਼ਰਮ ਧੂਰੀ ਰਾਹੀਂ ਸੇਵਾਦਾਰ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕੇ ਰਾਸ਼ਨ ਦੇ ਪੈਕੇਟ ਅਤੇ ਕਿੱਟਾਂ, ਤਰਪਾਲਾਂ, 240 ਲੀਟਰ ਡੀਜ਼ਲ ਤੇ ਹੋਰ ਰੋਜ਼ਾਨਾ ਜ਼ਰੂਰਤ ਦਾ ਜ਼ਰੂਰੀ ਸਾਮਾਨ ਪਹੁੰਚਾ ਰਹੇ ਹਨ | ਇਸ ਮੁਹਿੰਮ ਵਿਚ ਸੇਵਾਦਾਰ ਦਿਨ ਰਾਤ ਲੱਗੇ ਹੋਏ ਹਨ ਅਤੇ ਲੋਕਾਂ ਤੱਕ ਸਤਲੋਕ ਆਸ਼ਰਮ ਦੀਆਂ ਗੱਡੀਆਂ ਅਤੇ ਹੋਰ ਸਾਧਨਾਂ ਰਾਹੀਂ ਸਹਾਇਤਾ ਸਮੱਗਰੀ ਪਹੁੰਚਾਈ ਜਾ ਰਹੀ ਹੈ | ਇਸੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਮੁਹਿੰਮ ਤਹਿਤ ਸ਼ਨੀਵਾਰ ਨੂੰ ਸਤਲੋਕ ਆਸ਼ਰਮ ਖਮਾਣੋਂ ਤੋਂ ਰਾਹਤ ਸਮੱਗਰੀ ਦੀਆਂ ਗੱਡੀਆਂ ਰਵਾਨਾ ਕੀਤੀਆਂ ਗਈਆਂ | ਸੇਵਾਦਾਰਾਂ ਨੇ ਦੱਸਿਆ ਕਿ ਸੰਤ ਰਾਮਪਾਲ ਵਲੋਂ ਪੰਜਾਬ ਦੇ ਅੱਠ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਸਥਾਨਕ ਲੋਕਾਂ ਨੂੰ ਆਪਣੇ ਆਸ਼ਰਮ ਦੇ ਸੰਪਰਕ ਨੰਬਰ ਦਿੱਤੇ ਗਏ ਹਨ |