ਹੜ੍ਹਾਂ ਕਾਰਨ ਪੰਜਾਬ 'ਚ ਹਾਲਾਤ ਗੰਭੀਰ, ਕੇਂਦਰ 'ਰਾਸ਼ਟਰੀ ਆਫ਼ਤ' ਦਾ ਐਲਾਨ ਕਰੇ-ਡਾ. ਢੋਲੇਵਾਲ
ਅਜੀਤ ਡੈਸਕ
31-08-2025
ਦਰਿਆਵਾਂ ਦੇ ਪਾਣੀ 'ਤੇ ਪੰਜਾਬ ਦਾ ਦਾਅਵਾ ਕੁਦਰਤ ਦੇ ਸਿਧਾਂਤ 'ਤੇ ਆਧਾਰਿਤ ਹੈ | ਸਤਲੁਜ, ਬਿਆਸ ਅਤੇ ਰਾਵੀ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚੋਂ ਵਗਦੇ ਹਨ | ਇਨ੍ਹਾਂ ਦਰਿਆਵਾਂ ਵਿਚ ਹੜ੍ਹ ਆਉਣ ਦਾ ਨੁਕਸਾਨ ਪੰਜਾਬ ਨੂੰ ਝੱਲਣਾ ਪੈਂਦਾ ਹੈ | ਅੱਜ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤਾਂ ਰਾਜਸਥਾਨ ਨਹਿਰ ਵਿਚ ਪਾਣੀ ਦਾ ਵਹਾਅ ਰੋਕ ਦਿੱਤਾ ਗਿਆ ਹੈ | ਜਦੋਂ ਪੰਜਾਬ ਦੇ ਕਿਸਾਨ ਪਾਣੀ ਦੀ ਘਾਟ ਕਾਰਨ ਸਰਕਾਰ ਤੋਂ ਆਪਣੇ ਪਾਣੀ ਦਾ ਹੱਕ ਮੰਗਦੇ ਰਹੇ ਉਦੋਂ ਰਾਜਸਥਾਨ ਨੂੰ ਵਾਧੂ ਪਾਣੀ ਜਾ ਰਿਹਾ ਸੀ | ਸੰਕਟ ਦੇ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਕੋਈ ਸਾਰਥਕ ਜਾਂ ਪ੍ਰਭਾਵਸ਼ਾਲੀ ਤਾਲਮੇਲ ਦਿਖਾਈ ਨਹੀਂ ਦਿੰਦਾ | ਹੜ੍ਹਾਂ ਦੀ ਗੰਭੀਰਤਾ ਦੇ ਬਾਵਜੂਦ, ਮੁੱਖ ਮੰਤਰੀ, ਕੇਂਦਰ ਤੋਂ ਤੁਰੰਤ ਸਹਾਇਤਾ ਪ੍ਰਾਪਤ ਕਰਨ ਵਿਚ ਅਸਫਲ ਰਹੇ ਹਨ | ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਥਿਤੀ ਨੂੰ ਅਜੇ ਵੀ ਰਾਸ਼ਟਰੀ ਆਫ਼ਤ ਘੋਸ਼ਿਤ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਰਾਹਤ ਮਿਲ ਸਕੇ |