ਰਾਵੀ 'ਚ ਆਏ ਹੜ੍ਹ ਦੇ ਪੰਜਵੇਂ ਦਿਨ ਤੱਕ ਵੀ ਕਈ ਪਿੰਡ ਅਜੇ ਵੀ ਹਨ ਪਾਣੀ ਦੀ ਲਪੇਟ 'ਚ
ਅਜੀਤ ਡੈਸਕ
30-08-2025
ਪਸ਼ੂਆਂ ਦੇ ਚਾਰੇ ਦੀ ਬਣੀ ਵੱਡੀ ਸਮੱਸਿਆ
ਪਿੰਡਾਂ ਅੰਦਰੋਂ ਪਾਣੀ ਦਾ ਪੱਧਰ ਘਟਣ ਕਾਰਨ ਜੇਕਰ ਹੁਣ ਇਕ ਹੋਰ ਵੱਡੀ ਸਮੱਸਿਆ ਵੱਲ ਝਾਤ ਮਾਰੀਏ ਤਾਂ ਉਹ ਹੈ ਪਸ਼ੂਆਂ ਦੇ ਚਾਰੇ ਦੀ ਸਮੱਸਿਆ, ਕਿਉਂਕਿ ਖੇਤਾਂ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ | ਇੱਥੋਂ ਤੱਕ ਕਿ ਲੋਕਾਂ ਵਲੋਂ ਆਪਣੀਆਂ ਹਵੇਲੀਆਂ ਵਿਚ ਸ਼ੈੱਡਾਂ 'ਚ ਲਗਾਈ ਤੂੜੀ ਵੀ ਸ਼ੈੱਡਾਂ 'ਚ ਪਾਣੀ ਭਰਨ ਕਾਰਨ ਬਰਬਾਦ ਹੋ ਚੁੱਕੀ ਹੈ | ਜਿਸ ਕਾਰਨ ਜਿਥੇ ਪਹਿਲਾਂ ਹੀ ਪਾਣੀ 'ਚ ਡੁੱਬ ਕੇ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਉੱਥੇ ਬਚਦੇ ਪਸ਼ੂ ਵੀ ਭੁੱਖ ਨਾਲ ਮਰ ਰਹੇ ਹਨ | ਇਸ ਲਈ ਜਿਥੇ ਸਮਾਜ ਸੇਵੀਆਂ ਵਲੋਂ ਲੋਕਾਂ ਨੰੂ ਰਾਹਤ ਦੇਣ ਲਈ ਉਨ੍ਹਾਂ ਤੱਕ ਪਹੁੰਚ ਕਰਕੇ ਰਾਸ਼ਨ ਅਤੇ ਲੰਗਰ ਲਗਾਏ ਜਾ ਰਹੇ ਹਨ, ਉੱਥੇ ਪਸ਼ੂਆਂ ਲਈ ਚਾਰੇ ਦੇ ਪ੍ਰਬੰਧ ਕਰਨੇ ਵੀ ਇਸ ਸਮੇਂ ਵੱਡੀ ਲੋੜ ਬਣੀ ਹੋਈ ਹੈ |
ਪਾਣੀ ਕਾਰਨ ਸੜਕਾਂ ਦੀ ਹਾਲਤ ਬਣੀ ਬਦਤਰ
ਹੜ੍ਹਾਂ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਗੱਲ ਕਰੀਏ ਤਾਂ ਫ਼ਸਲਾਂ ਤਾਂ ਬਰਬਾਦ ਹੋਈਆਂ ਹਨ ਹਨ, ਹੁਣ ਪਾਣੀ ਦਾ ਪੱਧਰ ਕੁਝ ਘੱਟ ਹੋਣ ਦੇ ਬਾਅਦ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ | ਗੱਲ ਦੋਰਾਂਗਲਾ ਤੋਂ ਗੁਰਦਾਸਪੁਰ ਨੰੂ ਜਾਂਦੀ ਸੜਕ ਦੀ ਕਰੀਏ ਤਾਂ ਇਹ ਕਸਬਾ ਦੋਰਾਂਗਲਾ ਤੋਂ ਪਿੰਡ ਸੱਦਾ ਤੱਕ ਸੜਕ ਦੇ ਇਕ ਪਾਸੇ ਦੇ ਕਿਨਾਰਿਆਂ ਨੰੂ ਵੱਡਾ ਖੋਰਾ ਲੱਗ ਚੁੱਕਾ ਹੈ ਜੋ ਆਉਂਦੇ ਸਮੇਂ ਵਿਚ ਕਈ ਤਰ੍ਹਾਂ ਦੇ ਹਾਦਸਿਆਂ ਦਾ ਕਾਰਨ ਵੀ ਬਣ ਸਕਦਾ ਹੈ | ਪਰ ਇਨ੍ਹਾਂ ਸੜਕਾਂ ਦੀ ਭਰਪਾਈ ਕਦੋਂ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
ਘਰਾਂ ਕੋਲ ਖੜ੍ਹੇ ਗੰਦੇ ਪਾਣੀ ਨਾਲ ਫੈਲੀ ਬਦਬੂ
ਜਿਉਂ ਜਿਉਂ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ, ਤਿਉਂ ਤਿਉਂ ਮਰੇ ਪਸ਼ੂਆਂ, ਘਰਾਂ ਅੰਦਰ ਦਾਖ਼ਲ ਹੋਏ ਗੰਦੇ ਪਾਣੀ ਅਤੇ ਪਿੰਡਾਂ ਦੇ ਬਾਹਰ ਖੇਤਾਂ, ਰਸਤਿਆਂ ਵਿਚ ਖੜ੍ਹੇ ਪਾਣੀ ਕਾਰਨ ਬਦਬੂ ਫੈਲਦੀ ਜਾ ਰਹੀ ਹੈ | ਜਿਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਰ ਸਿਹਤ ਵਿਭਾਗ ਵਲੋਂ ਅਜੇ ਤੱਕ ਵੀ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ |