ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਕੁਦਰਤ ਦੀ ਮਾਰ ਹੇਠ ਆਏ ਲੋਕ ਰਾਵੀ ਦਰਿਆ ਦਾ ਪਾਣੀ ਉਤਰ ਜਾਣ ਤੋਂ ਬਾਅਦ ਵੀ ਹੜ੍ਹ ਦਾ ਸੰਤਾਪ ਝੱਲ ਰਹੇ ਹਨ | ਲੋਕਾਂ ਦਾ ਜਨਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ | ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਹਰ ਸਥਿਤੀ ਵਿਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ | ਲੋਕਾਂ ਦੇ ਹੋਏ ਨੁਕਸਾਨ ਵਿਚ ਪੰਜਾਬ ਸਰਕਾਰ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰੇਗੀ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡ ਪੰਮਾ ਦਾ ਦੌਰਾ ਕਰਨ ਮਗਰੋਂ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਪਵਨ ਕੁਮਾਰ, ਭੁਪਿੰਦਰ ਸਿੰਘ ਕਟਾਰੂਚੱਕ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ ਅਤੇ ਹੋਰ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨ ਰਾਵੀ ਵਿਚ ਪਾਣੀ ਦਾ ਪੱਧਰ ਜ਼ਿਆਦਾ ਵੱਧ ਜਾਣ ਕਾਰਨ ਰਾਵੀ ਦਰਿਆ ਨੇ ਆਪਣਾ ਰੁੱਖ ਪਿੰਡ ਪੰਮਾ ਵੱਲ ਕਰ ਲਿਆ | ਜਿਸ ਦੇ ਚੱਲਦਿਆਂ ਪਿੰਡ ਪੰਮਾ ਕਾਫ਼ੀ ਪ੍ਰਭਾਵਿਤ ਹੋਇਆ | ਲੋਕਾਂ ਦੇ ਘਰਾਂ ਦੇ ਬਾਹਰ 10-15 ਫੁੱਟ ਡੰੂਘੇ ਟੋਏ ਪੈ ਗਏ ਅਤੇ ਲੋਕਾਂ ਦੇ ਘਰ ਅਤੇ ਸੜਕਾਂ ਪਾਣੀ ਵਿਚ ਰੁੜ੍ਹ ਗਈਆਂ | ਲੋਕਾਂ ਦੇ ਘਰਾਂ ਦੇ ਅੰਦਰ 4-4 ਫੁੱਟ ਪਾਣੀ ਵੜ ਗਿਆ | ਜਿਸ ਦੇ ਚੱਲਦਿਆਂ ਪਿੰਡ ਪੰਮਾ ਦੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ | ਇਸ ਮੌਕੇੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੁਦਰਤ ਦੀ ਮਾਰ ਸੀ, ਜੋ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਗਈ ਹੈ | ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ ਅੱਜ ਇਸ ਮੁਸ਼ਕਿਲ ਘੜੀ ਅੰਦਰ ਉਹ ਖ਼ੁਦ ਵੱਖ-ਵੱਖ ਪਿੰਡਾਂ ਅੰਦਰ ਪਹੁੰਚ ਰਹੇ ਹਨ ਅਤੇ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ | ਲੋਕਾਂ ਤੱਕ ਰਾਹਤ ਵੀ ਪਹੁੰਚਾਈ ਜਾ ਰਹੀ ਹੈ |