ਬਟਾਲਾ, 30 ਅਗਸਤ (ਸਤਿੰਦਰ ਸਿੰਘ)-ਐੱਸ.ਈ. ਬਲਦੇਵ ਸਿੰਘ ਸ਼ਾਹਪੁਰ ਤੇ ਸਾਥੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ 'ਤੇ ਸਫ਼ਾਈ ਸੇਵਾ ਕਰਨ ਲਈ ਵਿਸ਼ੇਸ ਟੀਮ ਤਿਆਰ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਵਿਆਹ ਪੁਰਬ ਅਤੇ ਸਾਲਾਨਾ ਜੋੜ ਮੇਲੇ ਦੇ ਦੋਵੇਂ ਦਿਨ ਵੱਖ-ਵੱਖ ਬਾਜ਼ਾਰਾਂ ਤੇ ਨਗਰ ਕੀਰਤਨ ਦੇ ਮਾਰਗ ਵਿਚ ਪਲਾਸਟਿਕ ਦੀ ਰਹਿੰਦ-ਖੂੰਹਦ ਤੇ ਹੋਰ ਸਮੱਗਰੀ ਨੂੰ ਚੁੱਕ ਕੇ ਇਕ ਜਗ੍ਹਾ ਇਕੱਠਾ ਕੀਤਾ | ਸਫ਼ਾਈ ਕਰਨ ਵਾਲੀ ਇਹ ਟੀਮ ਵਿਆਹ ਪੁਰਬ ਵਾਲੇ ਵਰ੍ਹਦੇ ਮੀਂਹ ਵਿਚ ਵੀ ਸਫ਼ਾਈ ਮੁਹਿੰਮ ਜਾਰੀ ਰੱਖੀ | ਸਫ਼ਾਈ ਕਰਨ ਵਾਲੇ ਸੇਵਾਦਾਰਾਂ ਵਿਚ ਇਸ ਦੌਰਾਨ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ | ਐੱਸ.ਈ. ਬਲਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਵਿਆਹ ਪੁਰਬ 'ਤੇ ਇਹ ਮੁਹਿੰਮ ਚਲਾਈ ਗਈ ਸੀ ਤੇ ਹੁਣ ਸਾਡੀ ਟੀਮ ਨਾਲ ਨੌਜਵਾਨ ਅਤੇ ਹੋਰ ਵੀ ਵੱਖ-ਵੱਖ ਸੰਸਥਾਵਾਂ ਦੇ ਆਗੂ ਸਾਡੇ ਨਾਲ ਜੁੜੇ ਹਨ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਪਾਣੀ ਛਕਣ ਤੋਂ ਬਾਅਦ ਡਿਸਪੋਜ਼ਲ ਗਿਲਾਸ ਤੇ ਪਲੇਟਾਂ ਰਸਤੇ ਵਿਚ ਥਾਂ-ਥਾਂ ਸੁੱਟਣ ਦੀ ਬਜਾਏ ਇਕ ਜਗ੍ਹਾ ਹੀ ਢੇਰ ਲਗਾਉਣ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਨੌਜਵਾਨ ਸਿੱਖ ਪਰਿਵਾਰ ਚੈਰੀਟੇਬਲ ਟਰੱਸਟ ਬਟਾਲਾ ਨੇ ਵੀ ਵੱਡਾ ਸਹਿਯੋਗ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ, ਮੁਖਬੀਰ ਸਿੰਘ ਪੰਨਵਾਂ, ਗੁਰਮੁੱਖ ਸਿੰਘ ਰੰਗੀਲਪੁਰ, ਸਰਬਜੀਤ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਫ਼ੈਡਰੇਸ਼ਨ, ਸੁੱਖਪਾਲ ਸਿੰਘ, ਲਖਬੀਰ ਸਿੰਘ ਸਰਪੰਚ ਧੁੱਪਸੜੀ, ਹਰਬਖਸ਼ ਸਿੰਘ, ਮਨਬੀਰ ਸਿੰਘ, ਗੁਰਿੰਦਰ ਸਿੰਘ ਸ਼ਾਮਪੁਰ, ਅਮਰੀਕ ਸਿੰਘ ਰਿਆੜ, ਮਨੋਹਰ ਸਿੰਘ ਤੇ ਅਮਨ ਸਮੇਤ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ |