ਘਰੋਟਾ, 19 ਸਤੰਬਰ (ਸੰਜੀਵ ਗੁਪਤਾ)-ਫ਼ੌਜ ਦੀ 20 ਡੋਗਰਾ ਯੂਨਿਟ ਦੇ ਘਰੋਟਾ ਦੇ ਵਸਨੀਕ ਹਵਲਦਾਰ ਮਦਨ ਲਾਲ ਸ਼ਰਮਾ ਨੇ ਜੰਮੂ-ਕਸ਼ਮੀਰ ਦੇ ਨੌਗਾਓਾ ਸੈਕਟਰ ਵਿਚ ਪਾਕਿ-ਸਿਖਲਾਈ ਪ੍ਰਾਪਤ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ | ਸ਼ਹੀਦ ਸੈਨਿਕਾਂ ਦੇ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਨੇ ਦੱਸਿਆ ਕਿ ਹਵਲਦਾਰ ਮਦਨ ਲਾਲ ਸ਼ਰਮਾ ਦਾ ਜਨਮ 4 ਫਰਵਰੀ 1979 ਨੂੰ ਘਰੋਟਾ ਪਿੰਡ 'ਚ ਮਾਤਾ ਧਰਮੋ ਦੇਵੀ ਅਤੇ ਪਿਤਾ ਧਰਮ ਚੰਦ ਦੇ ਘਰ ਹੋਇਆ | ਏ.ਵੀ.ਐਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਗਸਤ 1999 ਵਿਚ ਫ਼ੌਜ ਦੀ 5 ਡੋਗਰਾ ਯੂਨਿਟ ਵਿਚ ਭਰਤੀ ਹੋਇਆ | ਆਪਣੀ 17 ਸਾਲਾ ਦੀ ਸੇਵਾ ਦੌਰਾਨ ਉਸ ਨੇ ਜ਼ਿਆਦਾਤਰ ਸਮਾਂ ਅੱਤਵਾਦ ਪ੍ਰਭਾਵਿਤ ਖੇਤਰਾਂ 'ਚ ਬਿਤਾਇਆ | ਜੁਲਾਈ 2016 ਵਿਚ ਉਸ ਨੰੂ 20 ਡੋਗਰਾ ਯੂਨਿਟ ਵਿਚ ਨਿਯੁਕਤ ਕੀਤਾ ਗਿਆ ਅਤੇ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਖੇਤਰ ਕੁਪਵਾੜਾ ਜ਼ਿਲ੍ਹੇ ਦੇ ਨੌਗਾਓਾ ਸੈਕਟਰ ਵਿਚ ਭੇਜਿਆ ਗਿਆ | 20 ਸਤੰਬਰ 2016 ਨੂੰ ਉਸ ਨੰੂ ਸੂਚਨਾ ਮਿਲੀ ਕਿ ਪਾਕਿਸਤਾਨੀ ਸਿਖਲਾਈ ਪ੍ਰਾਪਤ ਅੱਤਵਾਦੀ ਸਰਹੱਦ ਪਾਰ ਤੋਂ ਭਾਰਤੀ ਸਰਹੱਦ ਵਿਚ ਘੁਸਪੈਠ ਕਰ ਰਹੇ ਹਨ | ਇਕ ਸਰਚ ਆਪ੍ਰੇਸ਼ਨ ਦੌਰਾਨ ਹਵਲਦਾਰ ਮਦਨ ਲਾਲ ਸ਼ਰਮਾ ਤੇ ਉਸ ਦੀ ਟੁਕੜੀ ਦਾ ਅੱਤਵਾਦੀਆਂ ਨਾਲ ਭਿਆਨਕ ਮੁਕਾਬਲਾ ਹੋਇਆ | ਮਦਨ ਨੇ ਸਾਥੀਆਂ ਨਾਲ ਮਿਲ ਕੇ ਅੱਤਵਾਦੀਆਂ ਦਾ ਸਖ਼ਤ ਮੁਕਾਬਲਾ ਕੀਤਾ ਤੇ ਇਕ ਅੱਤਵਾਦੀ ਨੂੰ ਮਾਰ ਦਿੱਤਾ | ਇਸ ਦੌਰਾਨ ਅੱਤਵਾਦੀਆਂ ਵਲੋਂ ਚਲਾਈ ਗੋਲੀ ਉਸ ਦੀ ਛਾਤੀ ਵਿਚ ਲੱਗ ਗਈ ਅਤੇ ਬੇਹੋਸ਼ ਹੋ ਗਈ | ਜਿਸ ਕਾਰਨ ਇਹ ਬਹਾਦਰ ਯੋਧਾ ਕਸ਼ਮੀਰ ਦੀਆਂ ਘਾਟੀਆਂ ਤੋਂ ਆਪਣੇ ਦੇਸ਼ ਵਾਸੀਆਂ ਨੂੰ ਸਲਾਮ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ | ਉਸ ਦੀ ਬਹਾਦਰੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਸ ਨੰੂ ਮਰਨ ਉਪਰੰਤ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ | ਇਸ ਬਹਾਦਰ ਸੈਨਿਕ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਅੱਜ 20 ਸਤੰਬਰ ਨੂੰ ਪਿੰਡ ਘਰੋਟਾ ਦੇ ਆਜ਼ਾਦੀ ਘੁਲਾਟੀਏ ਹੰਸ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ |