ਪਠਾਨਕੋਟ, 19 ਸਤੰਬਰ (ਸੰਧੂ)-ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਖੇਤਰਾਂ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਦੀ ਅਗਵਾਈ 'ਚ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਵਿਧਾਨ ਸਭਾ ਚੋਣਾਂ 2017 ਵਿਚ 'ਆਪ' ਵਲੋਂ ਹਲਕਾ ਭੋਆ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਤੇ 'ਆਪ' ਦੇ ਐਸ.ਸੀ. ਵਿੰਗ ਦੇ ਮਾਝਾ ਇੰਚਾਰਜ ਠੇਕੇਦਾਰ ਅਮਰਜੀਤ ਸਿੰਘ ਤੇ ਸਰਪੰਚ ਹਰਜੀਤ ਸਿੰਘ ਵੀ ਸਨ | ਗੱਲਬਾਤ ਕਰਦੇ ਹੋਏ ਅਮਿਤ ਸਿੰਘ ਮੰਟੂ ਤੇ ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਤੋਂ ਬਾਅਦ ਲੋਕਾਂ ਨੂੰ ਸੰਭਾਵਿਤ ਬਿਮਾਰੀਆਂ ਤੋਂ ਬਚਾਉਣ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਅੰਦਰ ਮਹਾਂ ਸਫ਼ਾਈ ਅਭਿਆਨ ਚਲਾਇਆ ਗਿਆ ਤੇ ਲੋਕਾਂ ਨੂੰ ਸਫ਼ਾਈ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਸੰਭਾਵਿਤ ਬਿਮਾਰੀਆਂ ਤੋਂ ਬਚਾਇਆ ਜਾ ਸਕੇ | ਇਸ ਉਦੇਸ਼ ਨਾਲ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਫ਼ੀਲਡ ਵਿਚ ਪਿੰਡ-ਪਿੰਡ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਵੀ ਦਰਿਆ ਦੇ ਪਾਣੀ ਨੇ ਲੋਕਾਂ ਦਾ ਜਨਜੀਵਨ ਕਾਫ਼ੀ ਪ੍ਰਭਾਵਿਤ ਕੀਤਾ ਤੇ ਇਸ ਦੌਰਾਨ ਵੱਖ-ਵੱਖ ਪਿੰਡਾਂ 'ਚ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ, ਫ਼ਸਲਾਂ ਪ੍ਰਭਾਵਿਤ ਹੋਈਆਂ, ਹੜ੍ਹਾਂ ਦੇ ਪਾਣੀ ਨਾਲ ਰੇਤਾ ਬੱਜਰੀ ਨੇ ਫ਼ਸਲਾਂ ਨੂੰ ਖ਼ਰਾਬ ਕੀਤਾ, ਕਈ ਪਿੰਡਾਂ ਅੰਦਰ ਕਿੰਨੇ-ਕਿੰਨੇ ਦਿਨ ਪਾਣੀ ਖੜਾ ਰਿਹਾ ਹੈ | ਇਸ ਲਈ ਬਿਮਾਰੀਆਂ ਤੋਂ ਬਚਾਉਣ ਦੇ ਲਈ ਹੀ ਪਿੰਡ-ਪਿੰਡ ਮਹਾਂ ਸਫ਼ਾਈ ਅਭਿਆਨ ਚਲਾਇਆ ਗਿਆ ਹੈ |