ਕਾਦੀਆਂ, 19 ਸਤੰਬਰ (ਕੁਲਵਿੰਦਰ ਸਿੰਘ)-ਦੁਨੀਆਂ ਭਰ ਵਿਚ ਲੋਕ ਭਲਾਈ ਸੇਵਾਵਾਂ ਅਦਾ ਕਰਨ ਵਾਲੀ ਐੱਨ.ਜੀ.ਓ. 'ਹਿਊਮੈਨਿਟੀ ਫਸਟ' ਆਪਣੇ 30 ਸਾਲ ਪੂਰੇ ਹੋਣ 'ਤੇ ਇਕ ਵਿਲੱਖਣ ਵਿਸ਼ਵ ਪੱਧਰ 'ਤੇ ਮੁਹਿੰਮ ਚਲਾਈ ਹੈ | ਇਸ ਮੁਹਿੰਮ ਦਾ ਸਿਰਲੇਖ ਹੈ 'ਵਾਕ ਰਨ ਬਾਈਕ ਅਕਰੋਸ ਦਾ ਗਲੋਬ ਫੋਰ ਹਿਊਮੈਨਿਟੀ' | ਇਹ ਮੁਹਿੰਮ ਤੱਕ ਦੁਨੀਆਂ ਦੇ 65 ਦੇਸ਼ਾਂ ਵਿਚ ਇਕੱਠਿਆਂ ਚਲਾਈ ਜਾ ਰਹੀ ਹੈ | ਇਸ ਦਾ ਮਕਸਦ ਲੋਕਾਂ ਨੂੰ ਤੁਰਨ, ਦੌੜਨ ਤੇ ਸਾਈਕਲਿੰਗ ਵਰਗੀਆਂ ਸਿਹਤਮੰਦ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਲੋਕ ਭਲਾਈ ਦੇ ਪ੍ਰੋਜੈਕਟਾਂ ਲਈ ਲੋਕਾਂ 'ਚ ਜਾਗਰੂਕਤਾ ਪੈਦਾ ਹੋਵੇ ਤੇ ਫੰਡ ਇਕੱਠੇ ਕੀਤੇ ਜਾ ਸਕਣ | ਇਸ ਦੀ ਜਾਣਕਾਰੀ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰੈੱਸ ਸਕੱਤਰ ਕੇ. ਤਾਰਿਕ ਅਹਿਮਦ ਨੇ ਦਿੰਦਿਆਂ ਦੱਸਿਆ ਕਿ ਹਿਊਮੈਨਿਟੀ ਫਸਟ ਦੀ ਸਥਾਪਨਾ ਸੰਨ 1995 ਵਿਚ ਹੋਈ | ਪਿਛਲੇ 3 ਦਹਾਕਿਆਂ ਵਿਚ ਦੁਨੀਆਂ ਭਰ ਵਿਚ ਸਿੱਖਿਆ, ਸਿਹਤ ,ਪਾਣੀ ਦੀ ਸਪਲਾਈ, ਕੁਦਰਤੀ ਆਫ਼ਤਾਂ ਵਿਚ ਮਦਦ ਅਤੇ ਅਨਾਥਾਂ ਤੇ ਵਿਧਵਾਵਾਂ ਦੀ ਦੇਖਭਾਲ ਵਰਗੇ ਅਨੇਕਾਂ ਪ੍ਰੋਜੈਕਟ ਕਾਮਯਾਬੀ ਨਾਲ ਪੂਰੇ ਕਰ ਚੁੱਕੀ ਹੈ | ਅੱਜ ਇਹ ਸੰਸਥਾ ਰੰਗ, ਨਸਲ ਅਤੇ ਧਰਮ ਦਾ ਕੋਈ ਫ਼ਰਕ ਕੀਤੇ ਬਿਨਾਂ ਇਨਸਾਨੀਅਤ ਦੀ ਖ਼ਦਮਤ ਦੇ ਜਜ਼ਬੇ ਨਾਲ 65 ਤੋਂ ਵੱਧ ਦੇਸ਼ਾਂ ਵਿਚ ਆਪਣੀਆਂ ਸੇਵਾਵਾਂ ਪੇਸ਼ ਕਰ ਰਹੀ ਹੈ | ਮੁਸਲਿਮ ਜਮਾਤ ਅਹਿਮਦੀਆ ਦੇ ਸਰਬਰਾਹ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਜੀ ਦੀ ਮਹਾਨ ਰੂਹਾਨੀ ਅਗਵਾਈ 'ਚ ਇਹ ਸੰਸਥਾ ਦੁਨੀਆ ਭਰ ਵਿਚ ਲੋਕ ਭਲਾਈ ਤੇ ਖਿਦਮਤੇ ਇਨਸਾਨੀਅਤ ਦੇ ਕਾਰਜ ਕਰ ਰਹੀ ਹੈ | ਇਸ ਵਿਸ਼ਵ ਮੁਹਿੰਮ ਵਿਚ ਹਿਊਮੈਨਿਟੀ ਫਸਟ ਇੰਡੀਆ ਵੀ ਭਰਪੂਰ ਸ਼ਮੂਲੀਅਤ ਕਰ ਰਹੀ ਹੈ | ਇਸੇ ਮੁਹਿੰਮ ਤਹਿਤ ਕਾਦੀਆਂ ਤੋਂ ਸਾਈਕਲਾਂ 'ਤੇ ਨੌਜਵਾਨ ਹਿਊਮੈਨਿਟੀ ਫਸਟ ਦੇ ਤਹਿਤ ਅੰਮਿ੍ਤਸਰ ਰਵਾਨਾ ਹੋਏ, ਜਿੱਥੇ ਉਨ੍ਹਾਂ ਵੱਖ-ਵੱਖ ਸਥਾਨਾਂ 'ਤੇ ਲੋਕਾਂ ਨਾਲ ਮੁਲਾਕਾਤ ਕੀਤੀ, ਜਿਨਾਂ ਦਾ ਕਾਦੀਆਂ ਤੋਂ ਅੰਮਿ੍ਤਸਰ ਤੱਕ ਵੱਖ-ਵੱਖ ਸਥਾਨਾਂ ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ |