ਕੋਟਲੀ ਸੂਰਤ ਮੱਲ੍ਹੀ, 19 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਚਾਇਤੀ ਰਾਜ ਤੇ ਜਲ ਸ਼ਕਤੀ ਮੰਤਰਾਲੇ ਵਲੋਂ ਪਿੰਡਾਂ ਦੇ ਸਰਗਰਮ ਵਿਕਾਸ, ਸਵੱਛਤਾ ਤੇ ਪਾਣੀ ਦੀ ਸੰਭਾਲ ਲਈ ਦਿੱਲੀ 'ਚ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਸਰਪੰਚ ਸੰਵਾਦ 'ਚ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਜਰਪੁਰ ਦੇ ਅਗਾਂਹਵਧੂ ਨੌਜਵਾਨ ਸਰਪੰਚ ਰਣਦੀਪ ਸਿੰਘ ਨਿੱਜਰ ਨੇ ਸ਼ਮੂਲੀਅਤ ਕੀਤੀ | ਇਸ ਸਬੰਧੀ ਸਰਪੰਚ ਰਣਦੀਪ ਸਿੰਘ ਨਿੱਜਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਕਰਵਾਏ ਸਮਾਗਮ 'ਚ 24 ਰਾਜਾਂ ਦੇ ਸਰਪੰਚਾਂ ਨੇ ਸ਼ਿਰਕਤ ਕੀਤੀ, ਜਦੋਂ ਕਿ ਪੰਜਾਬ ਰਾਜ 'ਚੋਂ 4 ਸਰਪੰਚਾਂ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗ੍ਰਾਮ ਪੰਚਾਇਤ ਵਲਾੋ ਸਵੱਛਤਾ ਤੇ ਪਾਣੀ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ਕਰਕੇ ਉਨ੍ਹਾਂ ਨੂੰ ਇਸ ਸਮਾਗਮ ਦਾ ਹਿੱਸਾ ਬਨਣ ਦਾ ਮਾਣ ਮਿਲਿਆ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਮੰਤਰੀ ਸੀ.ਆਰ. ਪਾਇਲ ਸਨ, ਜਿਨ੍ਹਾਂ ਨੇ ਪਿੰਡਾਂ ਦੇ ਸਰਗਰਮ ਵਿਕਾਸ ਤੇ ਜਲ ਜੀਵਨ ਮਿਸ਼ਨ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਸਰਪੰਚ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਉਤਸ਼ਾਹਿਤ ਕੀਤਾ ਗਿਆ ਤੇ ਇਹ ਸਮਾਗਮ ਸਰਪੰਚਾਂ ਦੇ ਗਿਆਨ 'ਚ ਚੋਖਾ ਵਾਧਾ ਕਰਨ ਲਈ ਸਹਾਇਕ ਸਿੱਧ ਹੋਇਆ ਤੇ ਸਰਪੰਚਾਂ ਨੂੰ ਇਕ ਦੂਜੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ |