ਪਠਾਨਕੋਟ, 20 ਸਤੰਬਰ (ਸੰਧੂ)-ਅੱਜ ਜ਼ਿਲ੍ਹਾ ਪਠਾਨਕੋਟ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਜਿਸ ਵਿਚ ਆਪ ਦੇ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਤੇ ਡਾਇਰੈਕਟਰ, ਗਊ ਸੇਵਾ ਕਮਿਸ਼ਨ, ਪੰਜਾਬ ਸੌਰਭ ਬਹਿਲ ਹਾਜ਼ਰ ਸਨ | ਸਮਾਗਮ ਦੌਰਾਨ ਨਵ-ਨਿਯੁਕਤ ਸੰਗਠਨ ਅਧਿਕਾਰੀਆਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਠਨ ਇੰਚਾਰਜ ਵਜੋਂ ਨਿਯੁਕਤ ਕੀਤੇ ਸਾਰਥਕ ਮਹਾਜਨ (ਪਠਾਨਕੋਟ), ਪਵਨ ਕੁਮਾਰ (ਭੋਆ), ਅਤੇ ਪਠਾਨਕੋਟ ਹਲਕੇ ਦੇ ਯੂਥ ਕੋਆਰਡੀਨੇਟਰ ਰੋਹਿਤ ਮਹਾਜਨ ਨੂੰ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਅਤੇ ਸੌਰਭ ਬਹਿਲ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਅਮਨਦੀਪ ਸੰਧੂ ਅਤੇ ਸੌਰਭ ਬਹਿਲ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਕਿਹਾ ਕਿ ਇਹ ਨਵੀਆਂ ਨਿਯੁਕਤੀਆਂ ਸੰਗਠਨ ਵਿਚ ਨਵੀਂ ਊਰਜਾ ਅਤੇ ਦਿਸ਼ਾ ਦੇਣਗੀਆਂ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰਥਕ ਮਹਾਜਨ, ਪਵਨ ਕੁਮਾਰ ਅਤੇ ਰੋਹਿਤ ਮਹਾਜਨ ਆਪਣੇ-ਆਪਣੇ ਖੇਤਰਾਂ ਵਿਚ ਸੰਗਠਨਾਤਮਕ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣਗੇ | ਸੂਬਾ ਸਕੱਤਰ ਟਰਾਂਸਪੋਰਟ ਵਿੰਗ ਆਪ ਸੁਭਾਸ਼ ਵਰਮਾ ਨੇ 'ਆਪ' ਵਰਕਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਹੜ੍ਹ ਵਰਗੀ ਸਥਿਤੀ ਦੌਰਾਨ ਉਨ੍ਹਾਂ ਦੁਆਰਾ ਕੀਤੇ ਗਏ ਇੱਕਜੁੱਟ ਯਤਨਾਂ ਦੀ ਵਿਆਪਕ ਤੌਰ 'ਤੇ ਪ੍ਰਸੰਸਾ ਕੀਤੀ ਜਾ ਰਹੀ ਹੈ | ਅੰਤ ਵਿਚ ਸਾਰੇ ਆਗੂਆਂ ਅਤੇ ਵਰਕਰਾਂ ਨੇ ਇੱਕਜੁੱਟ ਹੋ ਕੇ ਸੰਗਠਨ ਦੀਆਂ ਨੀਤੀਆਂ ਅਤੇ ਸਿਧਾਂਤਾਂ ਦੀ ਪਾਲਨਾ ਕਰਦੇ ਹੋਏ ਖੇਤਰ ਵਿਚ ਜਨਤਕ ਸੇਵਾ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦਾ ਪ੍ਰਣ ਲਿਆ | ਇਸ ਮੌਕੇ ਵਿਕਾਸ ਸੈਣੀ ਚੇਅਰਮੈਨ, ਮਾਰਕੀਟ ਕਮੇਟੀ, ਸੂਬਾ ਸਕੱਤਰ, ਟਰਾਂਸਪੋਰਟ ਵਿੰਗ ਆਪ ਸੁਭਾਸ਼ ਵਰਮਾ, ਰੇਖਾ ਮਣੀ ਸ਼ਰਮਾ, ਰਮਨ ਕੁਮਾਰ, ਹਰਜੀਤ ਸਿੰਘ, ਨਰੇਸ਼ ਕੁਮਾਰ, ਵਿਜੇ ਕੁਮਾਰ ਬਿੱਟਾ, ਅਨੁਭਵ ਸੈਣੀ, ਪੁਨੀਤ ਓਹਰੀ ਅਤੇ ਹੋਰ ਮੌਜੂਦ ਸਨ |