ਗੁਰਦਾਸਪੁਰ, 20 ਸਤੰਬਰ (ਚੱਕਰਾਜਾ)- ਬੀਤੇ ਦਿਨੀਂ ਦੀਨਾਨਗਰ ਵਿਖੇ ਇਕ ਵਾਪਰੇ ਹਾਦਸੇ ਵਿਚ ਇਕ ਲੜਕੀ ਦੀ ਲੱਤ ਬੱਸ ਹੇਠਾਂ ਆਉਣ ਕਾਰਨ ਕੱਟੀ ਗਈ ਸੀ | ਲੜਕੀ ਵਲੋਂ ਬੱਸ ਚਲਾਉਣ ਸਮੇਂ ਵਰਤੀ ਅਣਗਹਿਲੀ ਸਬੰਧੀ ਦਿੱਤੇ ਬਿਆਨਾਂ ਤੋਂ ਬਾਅਦ ਪੁਲਿਸ ਥਾਣਾ ਦੀਨਾਨਗਰ ਵਲੋਂ ਬੱਸ ਦੇ ਡਰਾਈਵਰ ਖ਼ਿਲਾਫ਼ ਬਣਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ | ਲੜਕੀ ਅੰਜੂ ਬਾਲਾ ਪੁੱਤਰੀ ਹਰਵੰਤ ਲਾਲ ਵਾਸੀ ਪਿੰਡ ਸਿਹੋੜਾ ਜ਼ਿਲ੍ਹਾ ਪਠਾਨਕੋਟ ਵਲੋਂ ਪੁਲਿਸ ਨੰੂ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਦਿਨ 15 ਸਤੰਬਰ ਨੰੂ ਜਦ ਉਹ ਆਪਣੀ ਮਾਸੀ ਕਮਲੇਸ਼ ਕੁਮਾਰੀ ਦੀ ਸਕੂਟਰੀ ਪਿੱਛੇ ਬੈਠ ਕੇ ਦੀਨਾਨਗਰ ਤੋਂ ਗੁਰਦਾਸਪੁਰ ਨੰੂ ਜਾ ਰਹੀ ਸੀ ਤਾਂ ਉਹ ਰੇਲਵੇ ਰੋਡ ਦੀਨਾਨਗਰ ਦੇ ਸਾਹਮਣੇ ਪਹੁੰਚੀਆਂ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੰ: ਪੀ.ਬੀ.06.ਵੀ.7079 ਜਿਸ ਨੰੂ ਨਿਹਾਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਝਬਕਰਾ ਚਲਾ ਰਿਹਾ ਸੀ, ਉਸ ਵਲੋਂ ਬੱਸ ਉਨ੍ਹਾਂ ਦੀ ਸਕੂਟਰੀ ਦੇ ਪਿੱਛੇ ਮਾਰ ਦਿੱਤੀ | ਜਿਸ ਕਾਰਨ ਉਹ ਤੇ ਉਸ ਦੀ ਮਾਸੀ ਸਕੂਟਰੀ ਤੋਂ ਹੇਠਾਂ ਡਿੱਗ ਗਈਆਂ ਅਤੇ ਡਿੱਗਣ ਤੋਂ ਬਾਅਦ ਉਸ ਦੀ ਖੱਬੀ ਲੱਤ ਬੱਸ ਦੇ ਟਾਇਰ ਹੇਠਾਂ ਆ ਗਈ | ਉਨ੍ਹਾਂ ਦੱਸਿਆ ਕਿ ਬੱਸ ਦਾ ਡਰਾਈਵਰ ਬੱਸ ਸਮੇਤ ਮੌਕੇ ਤੋਂ ਭੱਜ ਗਿਆ | ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਾਲਤ ਵਿਚ ਉਸ ਨੰੂ ਪਠਾਨਕੋਟ ਨੇੜੇ ਪੈਂਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ | ਪਰ ਸੱਟ ਜ਼ਿਆਦਾ ਹੋਣ ਕਾਰਨ ਉਸ ਨੰੂ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿਥੇ ਡਾਕਟਰਾਂ ਵਲੋਂ ਉਸ ਦੀ ਲੱਤ ਕੱਟਣੀ ਪਈ | ਪੁਲਿਸ ਵਲੋਂ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਦੇ ਡਰਾਈਵਰ ਖ਼ਿਲਾਫ਼ ਬਣਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ |