ਊਧਨਵਾਲ, 20 ਸਤੰਬਰ (ਪਰਗਟ ਸਿੰਘ)-ਜਿਵੇਂ ਕਿ ਅਜੋਕੇ ਸਮੇਂ ਵਿਚ ਹਰ ਆਦਮੀ ਇਕੱਲਾਪਨ ਮਹਿਸੂਸ ਕਰ ਰਿਹਾ ਹੈ, ਕਿਉਂਕਿ ਅਗਲੀ ਨੌਜਵਾਨ ਪੀੜੀ ਵਿਦੇਸ਼ਾਂ ਵਿਚ ਜਾ ਚੁੱਕੀ ਹੈ ਤਾਂ ਇਥੇ ਰਹਿੰਦੇ ਬਜ਼ੁਰਗ ਜੋੜੇ ਹਮੇਸ਼ਾ ਇਕੱਲਾਪਨ ਮਹਿਸੂਸ ਕਰ ਰਹੇ ਹਨ | ਦੇਖਿਆ ਜਾਂਦਾ ਸੀ ਕਿ ਪੁਰਾਤਨ ਸਮੇਂ ਵਿਚ ਲੋਕ ਆਪਣੇ ਕੰਮਾਂਕਾਰਾਂ ਤੋਂ ਵਿਹਲੇ ਹੋ ਕੇ ਪਿੰਡ ਦੀ ਸੱਥ ਵਿਚ ਬੈਠ ਕੇ ਵਿਚਾਰ-ਵਟਾਂਦਰਾ ਕਰਦੇ ਸਨ, ਜੋ ਹੁਣ ਅਲੋਪ ਹੋ ਚੁੱਕੀ ਦੇ ਬਰਾਬਰ ਹੈ, ਉਸੇ ਰਹੁ ਰੀਤ ਨੂੰ ਮੁੜ ਸੁਰਜੀਤ ਕਰਦਿਆਂ ਪਿੰਡ ਰਸੂਲਪੁਰ ਨੇੜੇ ਪੰਜਗਰਾਈਆਂ ਦੇ ਨੌਜਵਾਨਾਂ ਨੇ ਆਪਣੇ ਬਜ਼ੁਰਗਾਂ ਨੂੰ ਰਲ ਕੇ ਬੈਠਣ ਲਈ ਪਿੰਡ 'ਚ ਨਹਿਰ ਕਿਨਾਰੇ ਸੱਥ ਬਣਾ ਕੇ ਦਿੱਤੀ ਹੈ, ਜਿੱਥੇ ਕਈ ਤਰ੍ਹਾਂ ਦੇ ਮਸ਼ਵਰੇ ਸਾਂਝੇ ਕੀਤੇ ਜਾਂਦੇ ਹਨ, ਜੋ ਕਿ ਆਉਂਦੇ-ਜਾਂਦੇ ਰਾਹੀਆਂ ਦਾ ਖਿੱਚ ਦਾ ਕੇਂਦਰ ਬਣੀ ਹੈ | ਇਸ ਸਬੰਧੀ ਪਿੰਡ ਦੇ ਮੁਹਤਬਰਾਂ ਅਤੇ 2 ਸਾਬਕਾ ਸਰਪੰਚ ਬਲਕਾਰ ਸਿੰਘ ਤੇ ਮੱਖਣ ਸਿੰਘ ਨੇ ਦੱਸਿਆ ਕਿ ਇਸ ਸੱਥ ਨੂੰ ਬਣਾਉਣ ਵਿਚ ਨੌਜਵਾਨਾਂ ਨੇ ਆਪਣੀ ਜੇਬ ਵਿਚੋਂ 1 ਲੱਖ ਦੇ ਕਰੀਬ ਪੈਸੇ ਖ਼ਰਚ ਕੇ ਨਹਿਰ ਕਿਨਾਰੇ ਝੌਂਪੜੀ ਬਣਾ ਕੇ ਵਿਚ ਕੁਰਸੀਆਂ ਲਵਾ ਕੇ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ ਬਜ਼ੁਰਗ ਤੇ ਨੌਜਵਾਨ ਸਾਂਝੇ ਰੂਪ ਵਿਚ ਬੈਠ ਕੇ ਜ਼ਿੰਦਗੀ ਦੇ ਤਜਰਬੇ ਇਕ-ਦੂਜੇ ਨਾਲ ਸਾਂਝੇ ਕਰਦੇ ਹਨ | ਇਸ ਸੱਥ ਦੇ ਬਣਨ ਨਾਲ ਨਹਿਰ ਦੇ ਰਸਤਿਓਾ ਲੰਘਣ ਵਾਲਿਆਂ ਦੇ ਮਨਾਂ ਵਿਚੋਂ ਡਰ-ਭੈਅ ਖ਼ਤਮ ਹੋ ਜਾਂਦਾ ਹੈ | ਸਾਡੀਆਂ ਬੱਚੀਆਂ ਪਿੰਡ ਤੋਂ ਬਾਹਰ ਪੜ੍ਹਾਈ, ਨੌਕਰੀ ਜਾਂ ਕਿਸੇ ਹੋਰ ਕੰਮਕਾਜ 'ਤੇ ਜਾਣਾ ਹੋਵੇ ਤਾਂ ਬੇਫ਼ਿਕਰ ਹੋ ਇਸ ਰਸਤੇ ਜਾ ਸਕਦੀਆਂ ਹਨ, ਕਿਉਂਕਿ ਅਕਸਰ ਚੋਰ ਚੱਕੇ ਇਨ੍ਹਾਂ ਰਸਤਿਆਂ ਦੇ ਆਉਣ-ਜਾਣ ਵਾਲਿਆਂ ਕੋਲੋਂ ਲੁੱਟ-ਖੋਹ ਕਰ ਲੈਂਦੇ ਸਨ, ਹੁਣ ਕਾਫ਼ੀ ਫ਼ਰਕ ਪੈ ਗਿਆ | ਇਸ ਮੌਕੇ ਅਜੀਤ ਸਿੰਘ ਮੱਲ੍ਹੀ, ਅਮਨਦੀਪ ਸਿੰਘ ਸੋਹਲ, ਗਿਆਨੀ ਦਰਬਾਰਾ ਸਿੰਘ, ਕਸ਼ਮੀਰ ਸਿੰਘ ਬਾਜਵਾ, ਪਰਮਜੀਤ ਸਿੰਘ ਠਾਣੇਦਾਰ, ਅਜੀਤ ਸਿੰਘ ਬਾਜਵਾ, ਅਮਰੀਕ ਸਿੰਘ, ਰਘਬੀਰ ਸਿੰਘ, ਕਸ਼ਮੀਰ ਸਿੰਘ ਕਾਹਲੋਂ, ਸੁਖਦੇਵ ਸਿੰਘ, ਬੱਬੂ ਲੋਧੀ, ਜਤਿੰਦਰ ਸਿੰਘ ਗਿੱਲ, ਲਵਪ੍ਰੀਤ ਸਿੰਘ, ਗੁਰਸਾਹਿਜਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਲਾਲੀ ਬਾਜਵਾ, ਕਮਲ ਬਾਜਵਾ ਆਦਿ ਹਾਜ਼ਰ ਸਨ |