ਡੇਰਾ ਬਾਬਾ ਨਾਨਕ, 20 ਸਤੰਬਰ (ਵਿਜੇ ਸ਼ਰਮਾ)-ਪਿਛਲੇ ਦਿਨੀਂ ਸਰਹੱਦੀ ਖੇਤਰ ਅੰਦਰ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ ਵੱਖ-ਵੱਖ ਪਿੰਡਾਂ ਦੇ 210 ਪਰਿਵਾਰਾਂ ਨੂੰ ਘਰੇਲੂ ਜ਼ਰੂਰਤ ਦੇ ਸਾਮਾਨ ਦੀ ਵੰਡ ਕੀਤੀ ਗਈ | ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ 16ਵੀਂ ਪੀੜੀ ਗੁਰੂ ਨਾਨਕ ਅੰਸ-ਬੰਸ ੍ਰਸੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਪਿੰਡਾਂ ਅੰਦਰ ਹੜ੍ਹ ਦੇ ਪਾਣੀ ਨੇ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਉਥੇ ਆਮ ਲੋਕ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਜਿਸ ਨੂੰ ਵੇਖਦਿਆਂ ਮਿਸ਼ਨ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਠੇਠਰਕੇ, ਗੋਲਾ ਢੋਲਾ, ਰੱਤੜ ਛੱਤੜ, ਧਰਮਕੋਟ, ਹਵੇਲੀਆਂ ਅਤੇ ਰੱਤਾ ਦੇ 210 ਪੀੜਤ ਪਰਿਵਾਰਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਕੰਬਲ, ਗੱਦੇ ਅਤੇ ਕੱਪੜਿਆਂ ਦੀ ਵੰਡ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਜਲਦੀ ਹੀ 500 ਪੀੜਤ ਪਰਿਵਾਰਾਂ ਨੂੰ ਘਰੇਲੂ ਸਾਮਾਨ ਦੀ ਵੰਡ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਮੈਡੀਕਲ ਕੈਂਪ ਵੀ ਲਗਾਏ ਜਾਣਗੇ | ਇਸ ਮੌਕੇ ਡਾ. ਸਰੂਦਲ ਸਿੰਘ, ਗੁਰਮੀਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਪ੍ਰਭਨੂਰ ਆਦਿ ਵੀ ਹਾਜ਼ਰ ਸਨ |