ਫ਼ਾਜ਼ਿਲਕਾ, 29 ਅਗਸਤ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਪ੍ਰਤੀ ਵੀ ਚਿੰਤਤ ਹੈ, ਇਸ ਤਹਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡਾਂ ਤੇ ਢਾਣੀਆਂ ਦੇ ਲੋਕਾਂ ਨੂੰ ਮੈਡੀਕਲ ਟੀਮਾਂ ਵਲੋਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਪਿੰਡਾਂ ਤੇ ਢਾਣੀਆਂ 'ਚ ਪਾਣੀ ਆਉਣ ਕਰਕੇ ਡੇਂਗੂ ਆਦਿ ਹੋਰ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ, ਇਸ ਕਰਕੇ ਸਿਹਤ ਵਿਭਾਗ ਦੇ ਕਰਮਚਾਰੀ ਸਿਰ ਦਰਦ, ਬੁਖ਼ਾਰ ਆਦਿ ਹੋਰ ਲੋੜੀਂਦੀਆਂ ਦਵਾਈਆਂ ਲੋਕਾਂ ਤੱਕ ਪੁੱਜਦੀਆਂ ਕਰ ਰਹੇ ਹਨ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਰਾਹਤ ਕੇਂਦਰਾਂ ਵਿਖੇ ਤਾਂ ਲੋਕਾਂ ਨੂੰ ਦਵਾਈਆਂ ਦੀ ਵੰਡ ਕੀਤੀ ਜਾ ਹੀ ਰਹੀ ਹੈ ਸਗੋਂ ਜੋ ਲੋਕ ਪਿੰਡਾਂ 'ਚ ਹੀ ਹਨ, ਉਨ੍ਹਾਂ ਤੱਕ ਵੀ ਮੈਡੀਕਲ ਟੀਮਾਂ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਜਾਣ ਰਹੀਆਂ ਹਨ ਤੇ ਲੋੜੀਂਦਾ ਇਲਾਜ ਦੇ ਰਹੀਆਂ ਹਨ | ਆਲੇ-ਦੁਆਲੇ ਜ਼ਿਆਦਾ ਦੇਰ ਪਾਣੀ ਇਕੱਠਾ ਹੋਣ ਨਾਲ ਕਈ ਵਾਰ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ, ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਗਾਉ ਤੌਰ 'ਤੇ ਮੁਸਤੈਦ ਹੋ ਕੇ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖ ਰਿਹਾ ਹੈ | ਇਸ ਤੋਂ ਇਲਾਵਾ ਜੇ ਕਿਸੇ ਦੀ ਤਬੀਅਤ ਵਿਗੜਦੀ ਹੈ ਤਾਂ ਉਸ ਨੰੂ ਸੁਰੱਖਿਅਤ ਥਾਂ 'ਤੇ ਲਿਆ ਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ | ਡਾ. ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿਚ ਡਾਕਟਰ ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ ਰੇਖ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਤੇ ਸਾਵਧਾਨੀਆਂ ਰੱਖ ਕੇ ਹੀ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਵਿਨੋਦ ਖੁਰਾਨਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਬਲਾਕ ਐਕਸਟੈਨਸ਼ਨ ਐਜੂਕੇਟਰ, ਵਿਕੀ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਮਨਜੋਤ ਸਿੰਘ ਇਨਸੈਕਟ ਕਲੈਕਟਰ, ਅਤਿੰਦਰ ਸਿੰਘ ਆਦਿ ਹਾਜਰ ਸਨ |