ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਦੂਜੇ ਦਿਨ ਵੀ ਸਵੇਰ ਨਾਲ ਸ਼ੁਰੂ ਹੋਈ ਭਾਰੀ ਵਰਖਾ ਨੇ ਸਤਲੁਜ ਦਰਿਆ ਦੇ ਅੰਦਰ ਆਏ ਹੜ੍ਹਾਂ 'ਚ ਫਸੇ ਲੋਕਾਂ ਦੀ ਕੀਤੀ ਜਾ ਰਹੀ ਰਾਹਤ ਕੰਮਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਫ਼ਾਜ਼ਿਲਕਾ ਦੇ ਨਾਲ ਵਗਦੇ ਸਤਲੁਜ ਦਰਿਆ 'ਚ ਇਸ ਸਮੇਂ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਨੇ ਦਰਜਨਾਂ ਪਿੰਡ 'ਤੇ ਢਾਣੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ | ਇਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਪਾਣੀ 'ਚੋਂ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਲੱਗਿਆ ਹੋਇਆ ਹੈ | ਹਾਲਾਤਾਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢਣ ਲਈ ਐਨ. ਡੀ. ਆਰ. ਐਫ. ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਅਤੇ ਫਿਰ ਇਨ੍ਹਾਂ ਕਾਰਜਾਂ ਅੰਦਰ ਤੇਜ਼ੀ ਲਿਆਉਣ ਲਈ ਫ਼ੌਜ ਨੂੰ ਵੀ ਇਸ ਕੰਮ ਲਈ ਲਗਾਇਆ ਗਿਆ | ਦੂਜੇ ਪਾਸੇ ਸਤਲੁਜ ਦਰਿਆ ਤੋਂ ਬਿਨਾਂ ਕੁੱਝ ਅਰਸੇ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰੋਂ ਸੇਮ ਦੇ ਖ਼ਾਤਮੇ ਲਈ ਅਸਪਾਲਾਂ ਤੇ ਅਬੁੱਲ ਖੁਰਾਨਾ ਵੱਡੀਆਂ ਡਰੇਨਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰੋਂ ਲੰਘ ਕੇ ਸਰਹੱਦ ਨਾਲ ਲੱਗਦੇ ਦਰਿਆ 'ਚ ਪੈਂਦੀਆਂ ਹਨ | ਇਹ ਡਰੇਨਾਂ ਇਸ ਸਮੇਂ ਪੂਰੀ ਤਰ੍ਹਾਂ ਭਰ ਕੇ ਨੱਕੋਂ ਨੱਕ ਚੱਲ ਰਹੀਆਂ ਹਨ, ਜਿਸ ਨੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਖ਼ਤਰੇ ਵਿਚ ਪਾਇਆ ਹੋਇਆ ਹੈ | ਅਬੁੱਲ ਖੁਰਾਨਾ ਡਰੇਨ 'ਚ ਪਏ ਪਾੜ ਨੇ ਪਿੰਡ ਸਾਬੂਆਣਾ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ | ਪਾਣੀ ਪਿੰਡ 'ਚ ਦਾਖ਼ਲ ਹੋ ਗਿਆ ਹੈ | ਪਿੰਡਾਂ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਬੰਨ੍ਹ ਬਣਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਪਾਣੀ ਦਾ ਤੇਜ਼ ਵਹਾਅ ਖੇਤਾਂ ਅਤੇ ਪਿੰਡਾਂ ਵਿਚ ਦਾਖ਼ਲ ਹੋ ਰਿਹਾ ਹੈ | ਇਸੇ ਤਰ੍ਹਾਂ ਬੀਤੀ ਰਾਤ ਪਿੰਡ ਕਰਨੀ ਖੇੜਾ ਕੋਲੋਂ ਲੰਘਦੀ ਅਸਪਾਲ ਡਰੇਨ 'ਚੋਂ ਪਏ ਪਾੜ ਕਾਰਨ ਕਿਸਾਨਾਂ ਦੇ ਖੇਤਾਂ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਨੂੰ ਪਾਣੀ ਤੋਂ ਬਚਾਉਣ ਲਈ ਸਾਰੀ ਰਾਹਤ ਬੰਨ੍ਹ 'ਤੇ ਠੀਕਰੀ ਪਹਿਰਾ ਦਿੱਤਾ ਹੈ | ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅੱਜ ਪਾੜ ਨੂੰ ਭਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ | ਜੇਕਰ ਪਾੜ ਜਲਦੀ ਨਾ ਭਰਿਆ ਤਾਂ ਇਸ ਨਾਲ ਵੱਡਾ ਨੁਕਸਾਨ ਹੋਵੇਗਾ | ਇਸੇ ਤਰ੍ਹਾਂ ਪਿੰਡ ਆਵਾ ਦੇ ਕੋਲੋਂ ਲੰਘਦਾ ਸੇਮ-ਨਾਲਾ ਪੂਰੀ ਤਰ੍ਹਾਂ ਅਫ਼ਾਨ ਵਿਚ ਚੱਲ ਰਿਹਾ ਹੈ | ਪਿੰਡ ਦੇ ਲੋਕ ਪੂਰੀ ਤਰ੍ਹਾਂ ਚੌਕਸ ਹੋ ਕੇ ਬੈਠੇ ਹਨ | ਪਿੰਡਾਂ ਦੇ ਜਾਗਰੂਕ ਲੋਕਾਂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਦੇ ਹਲਕਿਆਂ ਵਿਚੋਂ ਸੇਮ ਕੱਢਣ ਲਈ ਇਨ੍ਹਾਂ ਬਹੁਤ ਵੱਡੇ ਸੇਮ ਨਾਲਿਆਂ ਨੂੰ ਬਣਾਇਆ ਸੀ | ਉਨ੍ਹਾਂ ਦੱਸਿਆ ਕਿ 1999-2000 ਦੇ ਸਮੇਂ ਬਣੇ ਇਨ੍ਹਾਂ ਸੇਮ ਨਾਲਿਆਂ ਦੀ ਖਟਾਈ ਸਿਰਫ਼ ਇਕ ਵਾਰ ਖਾਨਾਪੂਰਤੀ ਲਈ ਕੀਤੀ ਗਈ ਸੀ | ਉਸ ਤੋਂ ਬਾਅਦ ਇਕ ਵਾਰ ਵੀ ਸੁਚੱਜੇ ਢੰਗ ਨਾਲ ਇਸ ਸੇਮ-ਨਾਲੇ ਦੀ ਖਟਾਈ ਨਹੀਂ ਹੋਈ, ਜੋ ਇਸ ਸਮੇਂ ਕਿਸਾਨਾਂ ਲਈ ਆਫ਼ਤ ਬਣੀ ਹੋਈ ਹੈ | ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਵਲੋਂ ਉਨ੍ਹਾਂ ਦੀ ਪੁੱਛ ਪੜਤਾਲ ਨਾ ਕੀਤੇ ਜਾਣ ਦੇ ਵੀ ਦੋਸ਼ ਲਗਾਏ ਹਨ | ਅੱਜ ਵਰਖਾ ਨੇ ਫ਼ਾਜ਼ਿਲਕਾ ਸ਼ਹਿਰ ਦੀਆਂ ਸੜਕਾਂ, ਗਲੀਆਂ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਦਿੱਤੀਆਂ, ਜਿਸ ਨਾਲ ਆਮ ਲੋਕਾਂ ਦੇ ਜਨ ਜੀਵਨ 'ਤੇ ਬੁਰੀ ਤਰ੍ਹਾਂ ਅਸਰ ਪਿਆ ਹੈ |