ਅਬੋਹਰ, 30 ਅਗਸਤ(ਵਿਵੇਕ ਹੂੜੀਆ)-ਅਬੋਹਰ ਦੇ ਨਵੀਂ ਆਬਾਦੀ ਵਾਲੇ ਇਲਾਕੇ ਵਿਚ ਇੱਕ ਵਿਅਕਤੀ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ, ਦੀ ਲਾਸ਼ ਨੂੰ ਪੁਲਿਸ ਨੇ ਸਮਿਤੀ ਮੈਂਬਰਾਂ ਦੀ ਮਦਦ ਨਾਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ | ਇਸ ਮਾਮਲੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਸੂਚਨਾ ਮਿਲਣ 'ਤੇ ਮਿ੍ਤਕ ਦੇ ਭਰਾ ਅਤੇ ਭਤੀਜੇ ਨੇ ਵੀ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮੌਕੇ 'ਤੋਂ ਚਲੇ ਗਏ | ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਪੁੱਤਰ ਕਿਸ਼ੋਰੀ ਲਾਲ ਜੋ ਕਿ ਇਕੱਲਾ ਰਹਿੰਦਾ ਸੀ ਅਤੇ ਸ਼ਰਾਬ ਦਾ ਆਦੀ ਸੀ, ਨੇ ਅੱਜ ਸਵੇਰੇ ਵੀ ਸ਼ਰਾਬ ਪੀਤੀ ਸੀ ਅਤੇ ਜ਼ਿਆਦਾ ਨਸ਼ਾ ਕਰਨ ਕਾਰਨ ਉਹ ਕੰਧਵਾਲਾ ਰੋਡ 'ਤੇ ਮਹਾਰਾਣਾ ਪ੍ਰਤਾਪ ਮਾਰਕੀਟ ਨੇੜੇ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਿਆ | ਜਦੋਂ ਉਹ ਕਾਫ਼ੀ ਦੇਰ ਤੱਕ ਸੜਕ 'ਤੇ ਪਿਆ ਰਿਹਾ ਤਾਂ ਲੋਕਾਂ ਨੇ ਉਸ ਦੇ ਨੇੜੇ ਜਾ ਕੇ ਦੇਖਿਆ ਕਿ ਉਹ ਮਰ ਚੁੱਕਾ ਹੈ | ਲੋਕਾਂ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਅਤੇ ਸਿਟੀ ਟੂ ਦੀ ਪੁਲਿਸ ਨੂੰ ਸੂਚਿਤ ਕੀਤਾ | ਜਿਸ 'ਤੇ ਸਮਿਤੀ ਦੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ 'ਤੇ ਪਹੁੰਚ ਗਏ | ਸੂਚਨਾ ਮਿਲਣ 'ਤੇ ਸਿਟੀ ਟੂ ਦੇ ਏ.ਐੱਸ.ਆਈ ਬਲਵਿੰਦਰ ਸਿੰਘ ਵੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ, ਨੇ ਮਿ੍ਤਕ ਸੁਰੇਸ਼ ਦੇ ਭਰਾ ਅਤੇ ਭਤੀਜੇ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਮਿ੍ਤਕ ਦਾ ਭਰਾ ਅਤੇ ਭਤੀਜਾ ਮੌਕੇ 'ਤੇ ਪਹੁੰਚ ਗਏ ਪਰ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਉਸ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਕਹਿਣ ਤੋਂ ਬਾਅਦ ਦੋਵੇਂ ਕੁੱਝ ਮਿੰਟਾਂ ਵਿਚ ਹੀ ਉੱਥੋਂ ਗ਼ਾਇਬ ਹੋ ਗਏ | ਜਿਸ ਤੋਂ ਬਾਅਦ ਪੁਲਿਸ ਨੇ ਸੰਸਥਾ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਮੁਰਦਾ ਘਰ ਵਿਚ ਰਖਵਾ ਦਿੱਤਾ | ਪੁਲਿਸ ਨੇ ਦੱਸਿਆ ਕਿ ਇੱਕ ਵਾਰ ਲਾਸ਼ ਨੂੰ 72 ਘੰਟਿਆਂ ਲਈ ਮੁਰਦਾ ਘਰ ਵਿਚ ਰੱਖਣ ਤੋਂ ਬਾਅਦ, ਜੇਕਰ ਕੋਈ ਰਿਸ਼ਤੇਦਾਰ ਉਸ ਦੀ ਲਾਸ਼ ਲੈਣ ਨਹੀਂ ਆਉਂਦਾ ਹੈ, ਤਾਂ ਉਸ ਦੀ ਲਾਸ਼ ਨੂੰ ਸਸਕਾਰ ਲਈ ਸੰਸਥਾ ਦੇ ਹਵਾਲੇ ਕਰ ਦਿੱਤੀ ਜਾਵੇਗੀ |