ਅਬੋਹਰ, 30 ਅਗਸਤ(ਵਿਵੇਕ ਹੂੜੀਆ)-ਕੇਂਦਰ ਸਰਕਾਰ ਅਤੇ ਯੁਵਾ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਏ.ਵੀ. ਸਿੱਖਿਆ ਕਾਲਜ ਅਬੋਹਰ ਵਿਖੇ ਰਾਸ਼ਟਰੀ ਖੇਡ ਦਿਵਸ ਬਹੁਤ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਇੰਚਾਰਜ ਡਾ. ਚਰਨ ਸਿੰਘ ਅਤੇ ਮੈਂਬਰਾਂ ਦੁਆਰਾ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਨਿੰਬੂ, ਚਮਚਾ ਦੌੜ ਅਤੇ ਯਾਦਦਾਸ਼ਤ ਖੇਡ ਦਾ ਆਯੋਜਨ ਕੀਤਾ ਗਿਆ | ਡਾ. ਗੁਰਦੀਪ ਕੌਰ, ਡਾ. ਗੁਰਪ੍ਰੀਤ ਕੌਰ ਅਤੇ ਡਾ. ਮਨਿਕਾ ਪ੍ਰਭਾਕਰ ਨੇ ਯਾਦਦਾਸ਼ਤ ਖੇਡ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਨਿੰਬੂ ਚਮਚਾ ਦੌੜ ਵਿਚ ਪ੍ਰੋਫੈਸਰਾਂ ਵਿਚੋਂ ਡਾ. ਗੁਰਪ੍ਰੀਤ ਕੌਰ ਨੂੰ ਪਹਿਲਾ ਇਨਾਮ ਅਤੇ ਡਾ. ਨੂੰ ਦੂਜਾ ਇਨਾਮ ਮਿਲਿਆ | ਮਨਿਕਾ ਅਤੇ ਅਮਰ ਧਵਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਨਵੇਂ ਸੈਸ਼ਨ 2025-27 ਦੀਆਂ ਦਾਖਲਾ ਲੈਣ ਆਈਆਂ ਵਿਦਿਆਰਥਣਾਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ | ਵਿਦਿਆਰਥਣਾਂ ਵਿਚੋਂ ਅਚਲਾ ਨੇ ਪਹਿਲਾ ਸਥਾਨ ਅਤੇ ਗੁਰਲੀਨ ਕੌਰ ਨੇ ਦੂਜਾ ਸਥਾਨ ਅਤੇ ਖ਼ੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜਿਸ ਨਾਲ ਸਾਰਿਆਂ ਦਾ ਮਨੋਬਲ ਵਧਿਆ | ਸਾਰੇ ਪ੍ਰੋਫੈਸਰਾਂ ਨੇ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਖੇਡਾਂ ਦਾ ਅਨੰਦ ਮਾਣਿਆ | ਅਧਿਆਪਕਾਂ ਦੀ ਸਰਗਰਮ ਮੌਜੂਦਗੀ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ | ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਇਸ ਮੌਕੇ 'ਤੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਸਿਹਤ ਨੂੰ ਮਜ਼ਬੂਤ ਕਰਦੀਆਂ ਹਨ | ਸਗੋਂ ਇਹ ਜੀਵਨ ਵਿਚ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਟੀਮ ਭਾਵਨਾ ਦਾ ਵੀ ਵਿਕਾਸ ਕਰਦੀਆਂ ਹਨ | ਖੇਡਾਂ ਰਾਹੀਂ, ਵਿਦਿਆਰਥੀ ਚੁਨੌਤੀਆਂ ਦਾ ਸਾਹਮਣਾ ਕਰਨਾ ਅਤੇ ਸਫਲਤਾ ਵੱਲ ਅੱਗੇ ਵਧਣਾ ਸਿੱਖਦੇ ਹਨ | ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ | ਪ੍ਰੋਗਰਾਮ ਜੇਤੂਆਂ ਨੂੰ ਵਧਾਈਆਂ ਅਤੇ ਸਨਮਾਨ ਨਾਲ ਸਮਾਪਤ ਹੋਇਆ | ਪਿ੍ੰਸੀਪਲ ਨੇ ਇੰਚਾਰਜ ਡਾ. ਚਰਨ ਸਿੰਘ ਅਤੇ ਸਾਰੇ ਮੈਂਬਰਾਂ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੇ ਪ੍ਰਣ ਲਿਆ ਕਿ ਉਹ ਖੇਡਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣਗੇ ਅਤੇ ਜੀਵਨ ਵਿਚ ਤੰਦਰੁਸਤੀ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਗੇ |