ਅਜਨਾਲਾ/ ਰਮਦਾਸ/ ਗੱਗੋਮਾਹਲ, 29 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਅਜਨਾਲਾ ਸ਼ਹਿਰ ਸਮੇਤ ਨਾਲ ਲੱਗਦੇ ਪਿੰਡਾਂ ਵਿਚ ਹੜ੍ਹ ਆ ਜਾਣ ਅਤੇ ਪਿੰਡ ਸੂਰੇਪੁਰ ਨਜ਼ਦੀਕ ਕਾਹਨਾ ਗਊਸ਼ਾਲਾ ਵਿਚ 150 ਤੋਂ ਵਧੇਰੇ ਗਾਵਾਂ ਦੇ ਪਾਣੀ ਵਿਚ ਘਿਰ ਜਾਣ ਦਾ ਪਤਾ ਲੱਗਦਿਆਂ ਹੀ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਗਊਸ਼ਾਲਾ ਪਹੁੰਚੇ ਜਿੱਥੇ ਉਨ੍ਹਾਂ ਤੁਰੰਤ ਸਾਰੀਆਂ ਗਊਆਂ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਭੱਖਾ ਤਾਰਾ ਸਿੰਘ ਵਿਖੇ ਭੇਜਣ ਦਾ ਪ੍ਰਬੰਧ ਕੀਤਾ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਬਣਾਏ ਗਏ ਰਾਹਤ ਸੈਂਟਰਾਂ ਵਿਚ ਆਪਣੇ ਪਸ਼ੂ ਲੈ ਕੇ ਆਉਣ ਅਤੇ ਲੋਕਾਂ ਲਈ ਬਣਾਏ ਗਏ ਕੇਂਦਰਾਂ ਵਿਚ ਆ ਕੇ ਬੈਠਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ | ਉਪਰੰਤ ਉਹ ਅਜਨਾਲਾ ਸ਼ਹਿਰ ਦੇ ਸੱਕੀ ਨਾਲੇ ਨਾਲ ਲੱਗਦੇ ਏਰੀਏ ਵਿਚ ਪਹੁੰਚੇ ਜਿੱਥੇ ਉਨ੍ਹਾਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕਰਨ ਤੋਂ ਇਲਾਵਾ ਅਜਨਾਲਾ ਸ਼ਹਿਰ ਦੇ ਬਾਜਾਰਾਂ 'ਚ ਜਾ ਕੇ ਦੁਕਾਨਦਾਰਾਂ ਨੂੰ ਵੀ ਆਪਣੇ ਪਰਿਵਾਰ ਸੁਰੱਖਿਅਤ ਥਾਵਾਂ 'ਤੇ ਲੈ ਜਾਣ ਅਤੇ ਇਸ ਔਖੀ ਘੜੀ ਵਿਚ ਖਾਣ ਪੀਣ ਵਾਲੀਆਂ ਵਸਤਾਂ, ਤਰਪਾਲਾਂ ਅਤੇ ਹੋਰ ਲੋੜੀਂਦੀਆਂ ਵਸਤੂਆਂ ਦੇ ਭਾਅ ਜਾਇਜ਼ ਲਗਾਉਣ ਅਤੇ ਕਾਲਾਬਾਜ਼ਾਰੀ ਨਾ ਕਰਨ ਦੀ ਅਪੀਲ ਕੀਤੀ | ਉਪਰੰਤ ਸ. ਧਾਲੀਵਾਲ ਲੋਕਾਂ ਦੀ ਸ਼ਿਕਾਇਤ ਉੱਤੇ ਬੰਦ ਕੀਤੀ ਹੋਈ ਇੱਕ ਗੈਸ ਦੀ ਏਜੰਸੀ ਵੀ ਖੁਲ੍ਹਵਾਈ ਅਤੇ ਗੈਸ ਏਜੰਸੀ ਮਾਲਕ ਨੂੰ ਨਿਰੰਤਰ ਗੈਸ ਦੀ ਸਪਲਾਈ ਯਕੀਨੀ ਬਣਾਉਣ ਅਤੇ ਵੱਧ ਭਾਅ ਨਾ ਲਗਾਉਣ ਦੀ ਹਦਾਇਤ ਕੀਤੀ | ਇਸ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਧਾਇਕ ਸ. ਧਾਲੀਵਾਲ ਨੇ ਹੜ੍ਹਾਂ ਦੀ ਸਥਿਤੀ ਵਿਚ ਲੋਕਾਂ ਦੀ ਖ਼ਬਰ ਸਾਰ ਲੈਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਕਿਹਾ ਕਿ ਸ੍ਰੀ ਸੁਨੀਲ ਜਾਖੜ ਭਾਜਪਾ ਦੇ ਪੰਜਾਬ ਪ੍ਰਧਾਨ ਹਨ, ਉਨ੍ਹਾਂ ਦਾ ਅਜਨਾਲਾ ਵਿਚ ਖਾਲੀ ਹੱਥ ਆਉਣ ਦਾ ਕੋਈ ਲਾਹਾ ਨਹੀਂ | ਸ. ਧਾਲੀਵਾਲ ਨੇ ਕਿਹਾ ਕਿ ਪੰਜਾਬ ਜੋ ਕਿ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਇਸ ਦੇ 7 ਜ਼ਿਲ੍ਹੇ ਹੜ੍ਹਾਂ ਨਾਲ ਡੁੱਬੇ ਹੋਏ ਹਨ ਲਈ ਸੁਨੀਲ ਜਾਖੜ ਨੂੰ ਕੇਂਦਰ ਸਰਕਾਰ ਤੋਂ ਇਕ ਵਿਸ਼ੇਸ਼ ਪੈਕੇਜ ਲੈ ਕੇ ਆਉਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 1988 ਤੋਂ ਬਾਅਦ ਸਭ ਤੋਂ ਹੜ੍ਹ ਆਇਆ ਹੈ, ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੋਰ ਤਾਂ ਕੀ ਦੇਣਾ ਹੈ, ਸਾਡੇ ਹੱਕ ਦਾ 8000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫ਼ੰਡ ਵੀ ਰੋਕਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇਹਨਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੇਂਦਰ ਸਰਕਾਰ ਨੂੰ ਖੁੱਲ ਕੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, 'ਆਪ' ਸ਼ਹਿਰੀ ਪ੍ਰਧਾਨ ਅਮਿੱਤ ਔਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਸ਼ਿਵਦੀਪ ਸਿੰਘ ਚਾਹਲ, ਮਹਿਲਾ ਵਿੰਗ ਪ੍ਰਧਾਨ ਗੀਤਾ ਗਿੱਲ ਅਤੇ ਪ੍ਰਧਾਨ ਅਮਿੱਤ ਪੁਰੀ ਆਦਿ ਵੀ ਉਨ੍ਹਾਂ ਦੇ ਨਾਲ ਸਨ |
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਅਜਨਾਲਾ 'ਚ ਖਾਲੀ ਹੱਥ ਆਉਣ ਦਾ ਕੋਈ ਲਾਭ ਨਹੀਂ-ਕੁਲਦੀਪ ਸਿੰਘ ਧਾਲੀਵਾਲ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਹੜ੍ਹ ਦੇ ਪਾਣੀ ਵਿਚ ਘਿਰੀਆਂ ਗਾਵਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਭੇਜਦੇ ਹੋਏ, ਨਾਲ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਅਮਿਤ ਔਲ ਤੇ ਹੋਰ | (ਵਿਚਕਾਰ) ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੁਕਾਨਦਾਰਾਂ ਨੂੰ ਕਾਲਾਬਾਜ਼ਾਰੀ ਨਾਲ ਕਰਨ ਦੀ ਹਦਾਇਤ ਕਰਦੇ ਹੋਏ | (ਸੱਜੇ) ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਗੈਸ ਏਜੰਸੀ ਮਾਲਕ ਨੂੰ ਗੈਸ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਆਖਦੇ ਹੋਏ ਨਾਲ ਹੋਰ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ<br/>
30-08-2025