ਅੰਮਿ੍ਤਸਰ, 29 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ 'ਚ ਲੱਗਣ ਵਾਲੀਆਂ ਰੇਹੜੀਆਂ ਅਤੇ ਖਾਣਪੀਣ ਦੇ ਸਾਮਾਨ ਵਾਲੀਆਂ ਵੈਨਾਂ ਤੋਂ ਮਹੀਨਾਂਵਰ ਕਰਾਇਆ ਵਸੂਲਣ ਦੀ ਯੋਜਨਾਂ ਬਣਾਈ ਜੋ 1 ਸਤੰਬਰ ਤੋਂ ਅਮਲ 'ਚ ਲਿਆਂਦੀ ਜਾ ਰਹੀ ਹੈ | ਜਿਸ ਦੇ ਤਹਿਤ ਹਰ ਰੇਹੜੀ ਤੋਂ 1000 ਰੁਪਏ ਪ੍ਰਤੀ ਮਹੀਨਾ ਅਤੇ ਹਰ ਭੋਜਨ ਵੈਨ ਤੋਂ 2000 ਰੁਪਏ ਵਸੂਲਿਆ ਜਾਵੇਗਾ | ਇਸ ਤੋਂ ਇਲਾਵਾ ਵੈਡਿੰਗ ਜ਼ੋਨ (ਰੇਹੜੀ ਮਾਰਕੀਟ) ਤੋਂ ਬਾਹਰ ਲੱਗਣ ਵਾਲੀਆਂ ਰੇਹੜੀਆਂ ਵਾਲਿਆ ਅਤੇ ਵੈਨਾ ਵਾਲਿਆ ਕੋਲੋਂ ਜੁਰਮਾਨਾ ਵਸੂਲਿਆ ਜਾਵੇਗਾ | ਮਿਲੀ ਜਾਣਕਾਰੀ ਅਨੁਸਾਰ ਅੰਮਿ੍ਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਇਸ ਵੇਲੇ 25 ਹਜਾਰ ਤੋਂ ਵਧੇਰੇ ਰੇਹੜੀਆਂ, ਫੜ੍ਹੀਆਂ ਅਤੇ ਭੋਜਨ ਵੈਨਾਂ ਲੱਗ ਰਹੀਆਂ ਹਨ | ਇਸ ਤੋਂ ਪਹਿਲਾਂ 2016 'ਚ ਕਰਵਾਏ ਗਏ ਸਰਵੇਖਣ ਅਨੁਸਾਰ ਉਸ ਵੇਲੇ 20 ਹਜ਼ਾਰ ਦੇ ਕਰੀਬ ਰੇਹੜੀਆਂ ਸ਼ਹਿਰ 'ਚ ਲੱਗਦੀਆਂ ਸਨ | ਇਨ੍ਹਾਂ ਰੇਹੜੀਆਂ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 27 ਵੈਡਿੰਗ ਜ਼ੋਨ (ਰੇਹੜੀ ਮਾਰਕੀਟਾਂ) ਬਣਾਉਣ ਦੀ ਯੋਜਨਾ ਬਣਾਈ ਗਈ, ਜਿਸ ਦੇ ਲਈ ਜਗ੍ਹਾ ਦੇ ਪਹਿਚਾਣ ਕੀਤੀ ਗਈ ਸੀ ਪਰ ਇਨ੍ਹਾਂ ਵਿਚੋਂ 17 ਜਗ੍ਹਾ ਵਿਕਾਸ ਦੇ ਘੇਰੇ ਵਿਚ ਆ ਗਈਆਂ ਜਿਨ੍ਹਾਂ 'ਚੋਂ ਕੁਝ ਜਗ੍ਹਾ ਸੜਕਾਂ 'ਚ ਆ ਗਈਆਂ ਅਤੇ ਕਈ ਜਗ੍ਹਾ ਤੇ ਪਾਰਕ ਬਣਾਏ ਗਏ | ਇਸ ਵੇਲੇ 10 ਵੈਡਿੰਗ ਜ਼ੋਨ ਬਾਕੀ ਰਹਿ ਗਏ ਹਨ | ਜਿਨ੍ਹਾਂ ਵਿਚ ਇਹ ਸਾਰੀਆਂ ਰੇਹੜੀਆਂ ਸਮਾਉਣੀ ਔਖੀਆਂ ਹਨ | ਇਸ ਲਈ ਵੈਡਿੰਗ ਜ਼ੋਨ ਤੋਂ ਵਧੇਰੇ ਰੇਹੜੀਆਂ ਸੜਕਾਂ 'ਤੇ ਹੀ ਲੱਗਣਗੀਆਂ | ਨਗਰ ਨਿਗਮ ਦੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਗਮ ਵਲੋਂ ਵੈਡਿੰਗ ਜ਼ੋਨ ਵਿਚ ਲੱਗਣ ਵਾਲੀਆਂ ਰੇਹੜੀਆਂ ਵਾਲਿਆਂ ਨੂੰ ਇਕ ਯੂ ਆਈ ਡੀ ਨੰਬਰ ਅਲਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਪ੍ਰਤੀ ਰੇਹੜੀ 1000 ਰੁਪਏ ਅਤੇ ਪ੍ਰਤੀ ਵੈਨ 2000 ਰੁਪਏ ਫ਼ੀਸ ਵਸੂਲੀ ਜਾਵੇਗੀ | ਇਸ ਤੋਂ ਇਲਾਵਾ ਵੈਡਿੰਗ ਜ਼ੋਨ ਤੋਂ ਬਾਹਰ ਲੱਗਣ ਵਾਲੀਆਂ ਰੇਹੜੀਆਂ ਅਤੇ ਵੈਨਾਂ ਵਾਲਿਆਂ ਕੋਲੋਂ ਵੀ ਇਸੇ ਤਰ੍ਹਾਂ 1000 ਰੁਪਏ ਅਤੇ 2000 ਰੁਪਏ ਪ੍ਰਤੀ ਮਹੀਨਾਂ ਵਸੂਲਿਆ ਜਾਵੇਗਾ ਪਰ ਉਨ੍ਹਾਂ ਕੋਲੋਂ ਇਹ ਰਾਸ਼ੀ ਜੁਰਮਾਨੇ ਵਜੋਂ ਵਸੂਲ ਕੇ ਉਸ ਦੀ ਪਰਚੀ ਕੱਟੀ ਜਾਵੇਗੀ | ਨਿਗਮ ਵਲੋਂ ਇਹ ਯੋਜਨਾ 1 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ |