ਅਟਾਰੀ, (ਅੰਮਿ੍ਤਸਰ) 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਤੇ ਸਥਿਤ ਬੀ. ਓ. ਪੀ. ਕਾਹਨਗੜ ਦੇ ਏਰੀਏ ਵਿਚੋਂ ਬੀ. ਐੱਸ. ਐੱਫ. ਵਲੋਂ ਇਕ ਪਾਕਿਸਤਾਨੀ ਨਾਗਰਿਕ ਨੂੰ ਉਸ ਵੇਲੇ ਗਿ੍ਫਤਾਰ ਕਰ ਲਿਆ ਗਿਆ ਜਦੋਂ ਉਹ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ | ਬੀ. ਐੱਸ. ਐੱਫ. ਦੀ 181 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਸੁਨੀਲ ਕੁਮਾਰ ਦੀ ਅਗਵਾਈ ਹੇਠ ਡਿਊਟੀ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਜਦੋਂ ਉਸ ਨੂੰ ਰੁਕਣ ਲਈ ਕਿਹਾ ਤਾਂ ਉਹ ਅਟਾਰੀ ਤੋਂ ਪਾਕਿਸਤਾਨ ਦੇ ਵਾਹਗਾ ਬਾਰਡਰ ਵੱਲ ਤੇਜ ਚਾਲ ਨਾਲ ਅੱਗੇ ਵੱਧਦਾ ਗਿਆ | ਉਸਦੇ ਨਾ ਰੁਕਣ 'ਤੇ ਬੀ. ਐੱਸ. ਐੱਫ. ਵਲੋਂ ਘੇਰਾ ਪਾ ਕੇ ਫੜ ਲਿਆ ਗਿਆ | ਉਸ ਦੀ ਪਹਿਚਾਨ ਅਮੀਰ ਹੁਸੈਨ ਪੁੱਤਰ ਸਲੀਮ ਮੀਆਂ ਹੁਸੈਨ, ਘਰ ਦਾ ਪਤਾ ਕੁਬੈਦ ਮਾਰਕੀਟ ਕਰਾਚੀ ਪਾਕਿਸਤਾਨ ਵਜੋਂ ਹੋਈ ਹੈ | ਬੀ. ਐੱਸ. ਐੱਫ. ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਬੀ. ਐੱਸ. ਐੱਫ. ਦੇ ਇੰਸਪੈਕਟਰ ਬਲਵਾਨ ਸਿੰਘ ਵਲੋਂ ਉਸ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ | ਪੁਲਿਸ ਥਾਣਾ ਘਰਿੰਡਾ ਵਲੋਂ ਉਸ ਵਿਰੁੱਧ ਬਿਨਾਂ ਪਾਸਪੋਰਟ, ਬਗੈਰ ਵੀਜਾ ਭਾਰਤ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੇ ਪਰਚਾ ਦਰਜ ਰਜਿਸਟਰ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਜਾਰੀ ਹੈ |