ਅੰਮਿ੍ਤਸਰ, 30 ਅਗਸਤ (ਸੁਰਿੰਦਰ ਕੋਛੜ)-ਬਲੋਚ ਲਿਬਰੇਸ਼ਨ ਆਰਮੀ ਦੇ ਹਥਿਆਰਬੰਦ ਵਿਦਰੋਹੀਆਂ ਨੇ ਵੱਖ-ਵੱਖ 8 ਕਾਰਵਾਈਆਂ 'ਚ ਪੰਜਗੁਰ, ਕਾਚੀ, ਕੋਇਟਾ, ਜੀਵਾਨੀ, ਖਾਰਨ, ਬੁਲਾਦਾ ਅਤੇ ਦਾਲਬੰਦੀਨ 'ਚ ਪਾਕਿਸਤਾਨੀ ਫ਼ੌਜ ਅਤੇ ਇਸ ਦੇ ਏਜੰਟਾਂ ਨੂੰ ਨਿਸ਼ਾਨਾ ਬਣਾਇਆ | ਇਨ੍ਹਾਂ ਹਮਲਿਆਂ 'ਚ ਫ਼ੌਜ ਦੇ ਕਈ ਸਪਲਾਈ ਵਾਹਨ ਤਬਾਹ ਹੋ ਗਏ ਅਤੇ ਵਿਦਰੋਹੀਆਂ ਵਲੋਂ ਵੱਡੀ ਗਿਣਤੀ 'ਚ ਫ਼ੌਜੀਆਂ ਦੇ ਹਥਿਆਰ ਵੀ ਜ਼ਬਤ ਕੀਤੇ ਗਏ | ਬਲੋਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜੀਯੰਦ ਬਲੋਚ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਕੱਲ੍ਹ ਸਮੂਹ ਦੇ ਲੜਾਕਿਆਂ ਵਲੋਂ ਪੰਜਗੁਰ ਦੇ ਪਾਰੂਮ ਖੇਤਰ ਵਿਚ ਪਾਕਿਸਤਾਨੀ ਫ਼ੌਜ ਦੇ ਇਕ ਵਾਹਨ ਨੂੰ ਰਿਮੋਟ-ਕੰਟਰੋਲ ਆਈ. ਈ. ਡੀ. ਹਮਲੇ ਨਾਲ ਨਿਸ਼ਾਨਾ ਬਣਾਇਆ ਗਿਆ | ਧਮਾਕੇ ਦੇ ਨਤੀਜੇ ਵਜੋਂ ਫ਼ੌਜ ਦੇ 6 ਜਵਾਨ ਮੌਕੇ 'ਤੇ ਹੀ ਮਾਰੇ ਗਏ ਅਤੇ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ | ਇਸ ਤੋਂ ਇਲਾਵਾ ਬੀ. ਐਲ. ਏ. ਨੇ ਕਾਚੀ ਦੇ ਕੋਲਪੁਰ ਖੇਤਰ 'ਚ ਫ਼ੌਜ ਦੇ ਬੰਬ ਨਿਰੋਧਕ ਕਰਮਚਾਰੀਆਂ ਨੂੰ ਰਿਮੋਟ-ਕੰਟਰੋਲ ਕੀਤੇ ਆਈ. ਈ. ਡੀ. ਨਾਲ ਨਿਸ਼ਾਨਾ ਬਣਾਇਆ ਜਦੋਂ ਉਹ ਰੇਲ ਪਟੜੀ ਨੂੰ ਸਾਫ਼ ਕਰਨ 'ਚ ਰੁੱਝੇ ਹੋਏ ਸਨ | ਧਮਾਕੇ ਦੇ ਨਤੀਜੇ ਵਜੋਂ ਇਕ ਫ਼ੌਜ਼ੀ ਮੌਕੇ 'ਤੇ ਹੀ ਮਾਰਿਆ ਗਿਆ | ਵਿਦਰੋਹੀਆਂ ਨੇ ਬਲੋਚਿਸਤਾਨ ਦੇ ਕੋਲਪੁਰ ਵਿਚ ਫੌਜ ਦੇ ਇਕ ਹੋਰ ਵਾਹਨ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਇਆ | ਇਸੇ ਤਰ੍ਹਾਂ ਦੀ ਇਕ ਹੋਰ ਕਾਰਵਾਈ 'ਚ ਬਲੋਚ ਲਿਬਰੇਸ਼ਨ ਆਰਮੀ ਨੇ ਕੋਇਟਾ ਦੇ ਮੀਆਂ ਘੁੰਡੀ ਖੇਤਰ ਵਿਚ ਪੁਲਿਸ ਕਰਮਚਾਰੀਆਂ ਨੂੰ ਹਿਰਾਸਤ 'ਚ ਲਿਆ ਅਤੇ ਉਨ੍ਹਾਂ ਕੋਲੋਂ ਤਿੰਨ ਕਲਾਸ਼ਨੀਕੋਵ ਸਮੇਤ ਕਈ ਹਥਿਆਰ ਜ਼ਬਤ ਕੀਤੇ | ਉਨ੍ਹਾਂ ਨੇ ਕੋਚਿਗ ਦੇ ਬੁਲੇਦਾ ਵਿਚ ਫ਼ੌਜ ਲਈ ਸਪਲਾਈ ਲੈ ਕੇ ਜਾ ਰਹੇ ਤਿੰਨ ਟਰੱਕਾਂ ਅਤੇ ਇਕ ਕਰੇਨ ਨੂੰ ਅੱਗ ਲਗਾ ਦਿੱਤੀ ਅਤੇ ਤਬਾਹ ਕਰ ਦਿੱਤਾ |